ਸਰਕਾਰ ਦੀ ਸਖ਼ਤੀ ਦੇ ਬਾਵਜੂਦ ਜ਼ੋਰਾਂ 'ਤੇ ਚੱਲ ਰਿਹਾ ਪਰਾਲੀ ਸਾੜਨ ਦਾ ਸਿਲਸਿਲਾ, ਇੱਕ ਦਿਨ 'ਚ ਸੜੀ ਸਭ ਤੋਂ ਵੱਧ ਪਰਾਲੀ, ਜਾਣੋ ਪੂਰਾ ਆਂਕੜਾ
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਿੱਚ ਸੰਗਰੂਰ 1,647 ਤੇ ਫਿਰੋਜ਼ਪੁਰ 1,189 ਮਾਮਲੇ ਹਨ ਜਦੋਂ ਕਿ ਪਠਾਨਕੋਟ ਵਿੱਚ ਸਿਰਫ ਦੋ ਅੱਗਾਂ ਦਰਜ ਹੋਈਆਂ ਹਨ, ਉਸ ਤੋਂ ਬਾਅਦ ਰੂਪਨਗਰ (10), ਹੁਸ਼ਿਆਰਪੁਰ (22), ਅਤੇ ਐਸਬੀਐਸ ਨਗਰ (30) ਹਨ।
Stubble Burning: ਪੰਜਾਬ ਵਿੱਚ ਸੋਮਵਾਰ ਨੂੰ 1,251 ਖੇਤਾਂ ਵਿੱਚ ਅੱਗ ਲਾਉਣ ਦੇ ਮਾਮਲੇ ਸਾਹਮਣੇ ਆਏ - ਜੋ ਇਸ ਸੀਜ਼ਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਹਨ। ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ, ਰਾਜ ਵਿੱਚ ਅਜਿਹੇ ਮਾਮਲਿਆਂ ਦੀ ਕੁੱਲ ਗਿਣਤੀ 9,655 ਹੋ ਗਈ ਹੈ। ਅੰਕੜਿਆਂ ਅਨੁਸਾਰ, 2022 ਅਤੇ 2023 ਵਿੱਚ ਇਸ ਦਿਨ, ਰਾਜ ਵਿੱਚ ਕ੍ਰਮਵਾਰ 701 ਅਤੇ 637 ਅੱਗ ਲੱਗਣ ਦੇ ਮਾਮਲੇ ਦਰਜ ਹੋਏ ਸਨ।
ਕਿੱਥੇ ਸੜੀ ਸਭ ਤੋਂ ਵੱਧ ਪਰਾਲੀ ?
ਜ਼ਿਕਰ ਕਰ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਸੂਬੇ ਵਿੱਚ ਸਭ ਤੋਂ ਵੱਧ 247 ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ, ਇਸ ਤੋਂ ਬਾਅਦ ਮੋਗਾ (149), ਫਿਰੋਜ਼ਪੁਰ (130), ਬਠਿੰਡਾ (129), ਫਾਜ਼ਿਲਕਾ (94) ਤੇ ਫਰੀਦਕੋਟ (88) ਹਨ। ਪਠਾਨਕੋਟ, ਰੂਪਨਗਰ, ਹੁਸ਼ਿਆਰਪੁਰ ਅਤੇ ਮੋਹਾਲੀ ਵਿੱਚ ਪਰਾਲੀ ਸਾੜਨ ਦੀਆਂ ਜ਼ੀਰੋ ਘਟਨਾਵਾਂ ਦਰਜ ਕੀਤੀਆਂ ਗਈਆਂ।
ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘਟੇ ਮਾਮਲੇ
ਇਸ ਸਾਲ ਪਰਾਲੀ ਸਾੜਨ ਦੀ ਗਿਣਤੀ ਪਿਛਲੇ ਸੀਜ਼ਨਾਂ ਦੇ ਮੁਕਾਬਲੇ ਮਹੱਤਵਪੂਰਨ ਸੁਧਾਰ ਦਰਸਾਉਂਦੀ ਹੈ। ਪਿਛਲੇ ਸਾਲ 15 ਸਤੰਬਰ ਤੋਂ 18 ਨਵੰਬਰ ਤੱਕ ਸੂਬੇ ਵਿੱਚ 33,719 ਅੱਗ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜਦੋਂ ਕਿ 2022 ਦੀ ਇਸੇ ਮਿਆਦ ਵਿੱਚ 48,489 ਮਾਮਲੇ ਸਾਹਮਣੇ ਆਏ ਸਨ। ਇਸ ਸਾਲ ਦੇ ਅੰਕੜਿਆਂ ਵਿੱਚ 71 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਦਰਸਾਉਂਦੀ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ 15 ਸਤੰਬਰ ਤੋਂ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 50% ਕੇਸ ਪਿਛਲੇ 13 ਦਿਨਾਂ ਵਿੱਚ ਹੀ ਦਰਜ ਹੋਏ ਹਨ। ਇਹ ਵਾਧਾ ਕਣਕ ਦੀ ਬਿਜਾਈ ਦਾ ਸੀਜ਼ਨ ਖ਼ਤਮ ਹੋਣ ਕਾਰਨ ਹੈ, ਜਿਸ ਕਾਰਨ ਕਿਸਾਨ ਆਪਣੇ ਖੇਤਾਂ ਨੂੰ ਅਗਲੀ ਬਿਜਾਈ ਲਈ ਤਿਆਰ ਕਰਨ ਵਿੱਚ ਕਾਹਲੇ ਹਨ।
ਦੱਸ ਦਈਏ ਕਿ ਅਕਤੂਬਰ ਦੇ ਅਖ਼ੀਰ ਤੱਕ ਪਰਾਲੀ ਸਾੜਨ 'ਤੇ ਕਾਬੂ ਪਾਇਆ ਗਿਆ, 25 ਅਕਤੂਬਰ ਤੱਕ 100 ਤੋਂ ਘੱਟ ਰੋਜ਼ਾਨਾ ਘਟਨਾਵਾਂ ਸਨ ਹਾਲਾਂਕਿ, ਉਸ ਤਾਰੀਖ ਤੋਂ ਬਾਅਦ, ਰੋਜ਼ਾਨਾ ਕੇਸ ਲਗਾਤਾਰ ਵਧਦੇ ਗਏ । 13 ਨਵੰਬਰ ਨੂੰ ਕੁੱਲ 509 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 17 ਨਵੰਬਰ ਨੂੰ 404 ਅੱਗ ਲੱਗਣ ਦੀ ਰਿਪੋਰਟ ਕੀਤੀ ਗਈ ਸੀ।
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਿੱਚ ਸੰਗਰੂਰ 1,647 ਤੇ ਫਿਰੋਜ਼ਪੁਰ 1,189 ਮਾਮਲੇ ਹਨ ਜਦੋਂ ਕਿ ਪਠਾਨਕੋਟ ਵਿੱਚ ਸਿਰਫ ਦੋ ਅੱਗਾਂ ਦਰਜ ਹੋਈਆਂ ਹਨ, ਉਸ ਤੋਂ ਬਾਅਦ ਰੂਪਨਗਰ (10), ਹੁਸ਼ਿਆਰਪੁਰ (22), ਅਤੇ ਐਸਬੀਐਸ ਨਗਰ (30) ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :