ਮੁਲਾਜ਼ਮਾਂ ਨੇ ਠੁਕਰਾਈ ਚਰਨਜੀਤ ਚੰਨੀ ਦੀ ਅਪੀਲ, ਪੰਜਾਬ ਭਰ 'ਚ ਬੱਸਾਂ ਦਾ ਚੱਕਾ ਜਾਮ
ਅੱਜ ਪੰਜਾਬ ਰੋਡਵੇਜ ਕੰਟ੍ਰੈਕਟ ਵਰਕਰ ਯੂਨੀਅਨ ਵੱਲੋਂ ਪਿਛਲੇ ਸਮੇਂ 'ਚ ਟਾਲੀ ਗਈ ਹੜਤਾਲ ਨੂੰ ਮੁੜ ਬਹਾਲ ਕਰਦਿਆਂ ਦੋ ਘੰਟੇ ਲਈ ਸਾਰੇ ਬੱਸ ਅੱਡਿਆਂ ਨੂੰ ਬੰਦ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।
ਅੰਮ੍ਰਿਤਸਰ: ਚਰਨਜੀਤ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਮੁਲਾਜ਼ਮ ਜਥੇਬੰਦੀਆਂ ਨੂੰ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਸੀ। ਮੁਲਾਜ਼ਮਾਂ ਨੇ ਇਸ ਅਪੀਲ ਨੂੰ ਠੁਕਰਾਉਂਦਿਆਂ ਹੜਤਾਲਾਂ ਤੇ ਰੋਸ ਮੁਜ਼ਾਹਰੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਅੱਜ ਪੰਜਾਬ ਰੋਡਵੇਜ ਕੰਟ੍ਰੈਕਟ ਵਰਕਰ ਯੂਨੀਅਨ ਵੱਲੋਂ ਪਿਛਲੇ ਸਮੇਂ 'ਚ ਟਾਲੀ ਗਈ ਹੜਤਾਲ ਨੂੰ ਮੁੜ ਬਹਾਲ ਕਰਦਿਆਂ ਦੋ ਘੰਟੇ ਲਈ ਸਾਰੇ ਬੱਸ ਅੱਡਿਆਂ ਨੂੰ ਬੰਦ ਕਰਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਮੁਲਾਜ਼ਮਾਂ ਵੱਲੋਂ ਅੱਜ ਪਨਬੱਸ ਸਰਵਿਸ ਬੰਦ ਰੱਖੀ ਗਈ।
ਅੰਮ੍ਰਿਤਸਰ ਬੱਸ ਅੱਡੇ 'ਤੇ ਪੰਜਾਬ ਰੋਡਵੇਜ ਕੰਟ੍ਰੈਕਟ ਵਰਕਰ ਯੂਨੀਅਨ ਨੇ ਅੱਜ ਮੇਨ ਗੇਟ 'ਤੇ ਪ੍ਰਦਰਸ਼ਨ ਕੀਤਾ। ਯੂਨੀਅਨ ਦੇ ਸੂਬਾ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਸਾਡੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਕੈਪਟਨ ਸੰਦੀਪ ਸੰਧੂ ਤੇ ਪ੍ਰਮੁੱਖ ਵਿਸ਼ੇਸ਼ ਸਕੱਤਰ ਸੁਰੇਸ਼ ਕੁਮਾਰ ਨਾਲ ਹੋਈ ਮੀਟਿੰਗ 'ਚ ਕੁਝ ਮੰਗਾਂ ਮੰਨੀਆਂ ਗਈਆਂ ਸਨ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ।
ਹੁਣ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਮੁਲਾਜ਼ਮਾਂ ਪ੍ਰਤੀ ਦਿੱਤੇ ਬਿਆਨ ਨਾਲ ਸਾਨੂੰ ਕੁਝ ਉਮੀਦ ਜ਼ਰੂਰ ਹੈ ਪਰ ਅਸੀਂ ਅੱਜ ਆਪਣਾ ਸੁਨੇਹਾ ਇਸ ਹੜਤਾਲ ਰਾਹੀਂ ਸਰਕਾਰ ਤਕ ਪਹੁੰਚਾ ਰਹੇ ਹਾਂ। ਯੂਨੀਅਨ ਦੀਆਂ ਮੁੱਖ ਮੰਗਾਂ 'ਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, 10 ਹਜ਼ਾਰ ਨਵੀਂਆਂ ਬੱਸਾਂ ਪਾਉਣੀਆਂ ਆਦਿ ਹਨ। ਚੰਨੀ ਨੂੰ ਸਾਡੀ ਯੂਨੀਅਨ ਨੇ 15 ਦਿਨ ਦਾ ਹੋਰ ਸਮਾਂ ਦਿੱਤਾ ਹੈ। ਪਹਿਲਾਂ ਅਸੀਂ 29 ਸਤੰਬਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ਕਰਨੀ ਸੀ ਪਰ ਹੁਣ 11 ਅਕਤੂਬਰ ਨੂੰ ਕੀਤੀ ਜਾਵੇਗੀ ਤੇ ਸਰਕਾਰ ਨੂੰ ਸਾਡੀਆਂ ਮੰਗਾਂ ਉਦੋਂ ਤਕ ਮੰਨ ਲੈਣੀਆਂ ਚਾਹੀਦੀਆਂ ਹਨ।
ਪਟਿਆਲਾ: ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟ੍ਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਟਿਆਲਾ ਬੱਸ ਸਟੈਂਡ ਵਿਖੇ ਬੋਲਦਿਆਂ ਸੂਬਾ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਕਿਹਾ ਕਿ ਪਨਬੱਸ ਤੇ PRTC ਦੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕਰਨ ਵਾਲੀ ਮੰਗ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੇ ਚੱਲਣਾ ਪੈ ਰਿਹਾ ਹੈ।