ਸਰਕਾਰੀ ਵਿਭਾਗ ਹੀ ਦੱਬੀ ਬੈਠੇ 2,366 ਕਰੋੜ ਰੁਪਏ ਦੇ ਬਿਜਲੀ ਬਿੱਲ, ਸਰਕਾਰ ਵੱਲ ਸਬਸਿਡੀ ਦੇ 9000 ਕਰੋੜ ਰੁਪਏ ਬਕਾਇਆ
ਪੰਜਾਬ ਰਾਜ ਬਿਜਲੀ ਬੋਰਡ ਇੰਜੀਨੀਅਰਜ਼ ਐਸੋਸੀਏਸ਼ਨ ਮੁਤਾਬਕ ਪੰਜਾਬ ਦੇ ਸਰਕਾਰੀ ਵਿਭਾਗ 2366 ਕਰੋੜ ਰੁਪਏ ਦੇ ਬਿਜਲੀ ਬਿੱਲਾਂ 'ਤੇ ਬੈਠੇ ਹਨ। ਜਿਸ ਕਾਰਨ ਪੀਐਸਪੀਸੀਐਲ ਦੀ ਵਿੱਤੀ ਹਾਲਤ ਬਹੁਤ ਮਾੜੀ ਹੋ ਗਈ ਹੈ।
Punjab Pending Power Bills: ਪੰਜਾਬ ਦੇ ਸਰਕਾਰੀ ਵਿਭਾਗ ਕਰੋੜਾਂ ਰੁਪਏ ਦੇ ਬਿਜਲੀ ਬਿੱਲ ਦਬਾਈ ਬੈਠੇ ਹਨ। ਇਨ੍ਹਾਂ ਵਿਭਾਗਾਂ ਤੋਂ ਬਿੱਲ ਵਸੂਲਣ ਵਿੱਚ ਬਿਜਲੀ ਵਿਭਾਗ ਦੇ ਪਸੀਨੇ ਛੁੱਟ ਰਹੇ ਹਨ। ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰ ਐਸੋਸੀਏਸ਼ਨ ਅਨੁਸਾਰ ਪੰਜਾਬ ਵਿੱਚ ਸਰਕਾਰੀ ਵਿਭਾਗ ਬਿਜਲੀ ਦੇ ਬਿੱਲਾਂ ਦੇ ਵੱਡੇ ਡਿਫਾਲਟਰ ਹਨ। ਇਨ੍ਹਾਂ ਸਰਕਾਰੀ ਵਿਭਾਗਾਂ 'ਤੇ ਅਪ੍ਰੈਲ 2022 ਤੱਕ 2,366 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੀ ਮਾੜੀ ਵਿੱਤੀ ਹਾਲਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦਿੱਤੀ ਗਈ। ਸੋਮਵਾਰ ਨੂੰ ਐਸੋਸੀਏਸ਼ਨ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਮੀਟਿੰਗ ਸੀ। ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ 9000 ਕਰੋੜ ਰੁਪਏ ਦੇ ਸਬਸਿਡੀ ਦੇ ਬਿੱਲ ਵੀ ਬਕਾਇਆ ਪਏ ਹਨ।
ਐਸੋਸੀਏਸ਼ਨ ਨੇ ਅੱਗੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲ 1,095 ਕਰੋੜ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ। ਦੂਜੇ ਪਾਸੇ ਸਥਾਨਕ ਸਰਕਾਰਾਂ ਵਿਭਾਗ ਵੱਲ 718 ਕਰੋੜ ਰੁਪਏ, ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲ 264 ਕਰੋੜ ਰੁਪਏ ਤੇ 100 ਕਰੋੜ ਰੁਪਏ ਬਕਾਇਆ ਹਨ। ਇਸ ਤੋਂ ਇਲਾਵਾ ਸੀਵਰੇਜ ਬੋਰਡ, ਸਿੰਚਾਈ ਵਿਭਾਗ ਤੇ ਗ੍ਰਹਿ ਤੇ ਜੇਲ੍ਹ ਵਿਭਾਗ ਵੱਲ 73 ਕਰੋੜ, 34 ਕਰੋੜ ਤੇ 19 ਕਰੋੜ ਰੁਪਏ ਬਕਾਇਆ ਹਨ।
ਐਸੋਸੀਏਸ਼ਨ ਨੇ ਕਿਹਾ ਕਿ ਸਰਕਾਰ ਵਿਭਾਗਾਂ ਨੂੰ ਉਨ੍ਹਾਂ ਦੇ ਬਕਾਇਆ ਬਿਜਲੀ ਬਿੱਲਾਂ ਦੀ ਅਦਾਇਗੀ ਲਈ ਲੋੜੀਂਦੀ ਰਾਸ਼ੀ ਜਾਰੀ ਕਰੇ ਤੇ ਸਬੰਧਤ ਵਿਭਾਗ ਦੇ ਸਕੱਤਰ ਇੰਚਾਰਜ ਇਹ ਯਕੀਨੀ ਬਣਾਉਣ ਕਿ ਬਿੱਲਾਂ ਦਾ ਸਮੇਂ ਸਿਰ ਭੁਗਤਾਨ ਕੀਤਾ ਜਾਵੇ।
ਇਹ ਵੀ ਪੜ੍ਹੋ: Punjab Online Driving License Portal: ਸੀਐਮ ਭਗਵੰਤ ਮਾਨ ਵੱਲੋਂ ਆਨਲਾਈਨ ਡਰਾਈਵਿੰਗ ਲਾਇਸੈਂਸ ਲਈ ਪੋਰਟਲ ਦੀ ਸ਼ੁਰੂਆਤ, ਹੁਣ ਘਰ ਬੈਠੇ ਇੰਝ ਕਰੋ ਲਾਇਸੈਂਸ ਅਪਲਾਈ