ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਘਟਨਾ, ਇੱਕ ਹੀ ਪਰਿਵਾਰ ਦੇ 3 ਲੋਕਾਂ ਨੇ ਕੀਤੀ ਖੁਦਕੁਸ਼ੀ, ਮੌਤ ਤੋਂ ਪਹਿਲਾਂ ਬਣਾਈ ਵੀਡੀਓ
ਪੰਜਾਬ ਦੇ ਮਲੇਰਕੋਟਲਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਇੱਕ ਵਿਧਵਾ ਮਹਿਲਾ, ਉਸ ਦੀ ਬੁਜ਼ੁਰਗ ਮਾਂ ਅਤੇ 9 ਸਾਲ ਦਾ ਪੁੱਤਰ ਸ਼ਾਮਲ ਹਨ। ਤਿੰਨਾਂ ਨੇ ਜ਼ਹਿਰ ਨਿਗਲ ਲਿਆ।

ਪੰਜਾਬ ਦੇ ਮਲੇਰਕੋਟਲਾ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਇੱਕ ਵਿਧਵਾ ਮਹਿਲਾ, ਉਸ ਦੀ ਬੁਜ਼ੁਰਗ ਮਾਂ ਅਤੇ 9 ਸਾਲ ਦਾ ਪੁੱਤਰ ਸ਼ਾਮਲ ਹਨ। ਤਿੰਨਾਂ ਨੇ ਜ਼ਹਿਰ ਨਿਗਲ ਲਿਆ। ਮੌਤ ਤੋਂ ਪਹਿਲਾਂ ਵਿਧਵਾ ਮਹਿਲਾ ਨੇ ਇੱਕ ਵੀਡੀਓ ਬਣਾਈ ਸੀ, ਜਿਸ ਵਿੱਚ ਉਸ ਨੇ 10 ਲੋਕਾਂ ‘ਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।
ਖੁਦਕੁਸ਼ੀ ਲਈ ਕੀਤਾ ਜਾ ਰਿਹਾ ਸੀ ਮਜਬੂਰ
ਮਹਿਲਾ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਵੀਡੀਓ ਨੂੰ ਅਧਾਰ ਬਣਾਉਂਦੇ ਹੋਏ ਮ੍ਰਿਤਕਾ ਦੀ ਸੱਸ ਸਮੇਤ 10 ਲੋਕਾਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਖੁਦਕੁਸ਼ੀ ਦੇ ਪੂਰੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
11 ਲੋਕਾਂ ਨੂੰ ਦੋਸ਼ੀ ਠਹਿਰਾਇਆ
ਮਹਿਲਾ ਦਾ ਖੁਦਕੁਸ਼ੀ ਤੋਂ ਪਹਿਲਾਂ ਬਣਾਇਆ ਗਿਆ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿੱਚ ਉਹ ਕਹਿੰਦੀ ਹੈ— “ਦੋਸਤੋ, ਇਹ ਵੀਡੀਓ ਰਿਕਾਰਡ ਕਰ ਕੇ ਜਾ ਰਹੀ ਹਾਂ। ਜੇ ਮੇਰੇ ਨਾਲ ਕੁਝ ਹੁੰਦਾ ਹੈ ਜਾਂ ਮੇਰਾ ਐਕਸੀਡੈਂਟ ਹੁੰਦਾ ਹੈ, ਜਾਂ ਕਿਸੇ ਵੀ ਤਰੀਕੇ ਨਾਲ ਮੈਨੂੰ ਮਾਰਿਆ ਜਾਂਦਾ ਹੈ, ਤਾਂ ਇਸ ਲਈ ਇਹ 10 ਤੋਂ 11 ਲੋਕ ਜ਼ਿੰਮੇਵਾਰ ਹੋਣਗੇ।”
ਸੱਸ ਤੇ ਗੁਆਂਢੀਆਂ ‘ਤੇ ਦੋਸ਼: ਵੀਡੀਓ ਵਿੱਚ ਮਹਿਲਾ ਕਹਿੰਦੀ ਹੈ ਕਿ ਉਸ ਦੀ ਸੱਸ ਚਰਨਜੀਤ ਕੌਰ, ਗੁਆਂਢੀ ਭੋਲਾ ਸਿੰਘ, ਉਸ ਦਾ ਪੁੱਤਰ ਸਤਪਾਲ ਸਿੰਘ, ਉਸ ਦੀ ਪਤਨੀ ਦਲਜੀਤ ਕੌਰ, ਉਸ ਦਾ ਭਣੋਈ ਕੌਰਾ ਸਿੰਘ, ਉਸ ਦੀ ਭੈਣ ਬੋਬੀ ਕੌਰ, ਉਸ ਦਾ ਭਰਾ ਪੰਮੂ, ਉਸ ਦੀ ਭਾਬੀ ਜਸਮੀਰ ਕੌਰ, ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਅਤੇ ਉਸ ਦੀ ਭਤੀਜੀ ਕਿਰਣਾ ਕੌਰ—ਇਹ ਸਭ ਉਸ ਦੀ ਮੌਤ ਲਈ ਜ਼ਿੰਮੇਵਾਰ ਹੋਣਗੇ।
ਰੋਜ਼ ਧਮਕੀਆਂ ਦੇਣ ਦਾ ਦੋਸ਼
ਮਹਿਲਾ ਨੇ ਕਿਹਾ ਕਿ ਇਹ ਲੋਕ ਉਸ ਨੂੰ ਹਰ ਰੋਜ਼ ਧਮਕੀਆਂ ਦਿੰਦੇ ਸਨ। ਉਹ ਕਹਿੰਦੇ ਸਨ ਕਿ ਤੇਰਾ ਐਕਸੀਡੈਂਟ ਕਰਵਾ ਦੇਵਾਂਗੇ ਜਾਂ ਕਿਸੇ ਚੀਜ਼ ਨਾਲ ਤੈਨੂੰ ਮਾਰ ਦੇਵਾਂਗੇ। ਮਹਿਲਾ ਨੇ ਦੱਸਿਆ ਕਿ ਜੇ ਉਸ ਦੇ ਪੁੱਤਰ ਜਾਂ ਮਾਂ ਨੂੰ ਕੁਝ ਵੀ ਹੁੰਦਾ ਹੈ, ਜਾਂ ਤਿੰਨਾਂ ਵਿੱਚੋਂ ਕਿਸੇ ਨਾਲ ਵੀ ਕੋਈ ਅਣਹੋਣੀ ਵਾਪਰਦੀ ਹੈ, ਤਾਂ ਇਸ ਲਈ ਇਹੀ ਲੋਕ ਜ਼ਿੰਮੇਵਾਰ ਹੋਣਗੇ।
ਪਤੀ ਦੀ ਮੌਤ ਤੋਂ ਬਾਅਦ ਮਾਂ ਕੋਲ ਰਹਿਣ ਲੱਗੀ ਸੀ
ਮਲੇਰਕੋਟਲਾ ਪੁਲਿਸ ਮੁਤਾਬਕ ਪਿੰਡ ਭੂਦਨ ਦੀ ਰਹਿਣ ਵਾਲੀ ਇੰਦਰਪਾਲ ਕੌਰ (31) ਨੇ ਆਪਣੀ ਮਾਂ ਹਰਦੀਪ ਕੌਰ ਅਤੇ 9 ਸਾਲ ਦੇ ਪੁੱਤਰ ਜਾਰਡਨ ਸਿੰਘ ਨਾਲ ਖੁਦਕੁਸ਼ੀ ਕਰ ਲਈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੰਦਰਪਾਲ ਦੇ ਪਤੀ ਪਵਨਦੀਪ ਸਿੰਘ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ ਸੀ ਅਤੇ ਪੁੱਤਰ ਨੂੰ ਵੀ ਆਪਣੇ ਨਾਲ ਲੈ ਆਈ ਸੀ।
ਰਾਤ ਨੂੰ ਦੋਵਾਂ ਦੀ ਮੌਤ, ਸਵੇਰੇ ਪੁੱਤਰ ਨੂੰ ਪਤਾ ਲੱਗਾ
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ ਤਿੰਨਾਂ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ। ਇਸ ਕਾਰਨ ਇੰਦਰਪਾਲ ਕੌਰ ਅਤੇ ਉਸ ਦੀ ਮਾਂ ਹਰਦੀਪ ਕੌਰ ਦੀ ਰਾਤ ਨੂੰ ਹੀ ਮੌਤ ਹੋ ਗਈ, ਜਦਕਿ ਉਸ ਸਮੇਂ ਜਾਰਡਨ ਜਿੰਦਾ ਸੀ। ਸਵੇਰੇ ਜਦੋਂ ਬੱਚੇ ਦੀ ਅੱਖ ਖੁੱਲੀ ਤਾਂ ਉਸ ਨੇ ਵੇਖਿਆ ਕਿ ਮਾਂ ਅਤੇ ਨਾਨੀ ਕੋਈ ਜਵਾਬ ਨਹੀਂ ਦੇ ਰਹੀਆਂ। ਉਸ ਨੂੰ ਸ਼ੱਕ ਹੋਇਆ ਕਿ ਦੋਵਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਨੇ ਤੁਰੰਤ ਆਪਣੀ ਦਾਦੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਪੁੱਤਰ ਹਸਪਤਾਲ ਲੈ ਜਾਂਦੇ ਸਮੇਂ ਮਰ ਗਿਆ
ਪੁਲਿਸ ਮੁਤਾਬਕ ਇਸ ਤੋਂ ਬਾਅਦ ਨੇੜੇ ਦੇ ਲੋਕ ਵੱਖ-ਵੱਖ ਜਗ੍ਹਾ ਤੋਂ ਪਹੁੰਚੇ। ਜਾਰਡਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਤੇ ਵੀ ਜ਼ਹਿਰ ਦਾ ਪ੍ਰਭਾਵ ਕਾਫੀ ਹੋ ਚੁੱਕਾ ਸੀ। ਇਸ ਕਾਰਨ ਹਸਪਤਾਲ ਲੈ ਜਾਂਦੇ ਸਮੇਂ ਉਸ ਦੀ ਵੀ ਮੌਤ ਹੋ ਗਈ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਂ-ਪੁੱਤਰ ਦੀ ਲਾਸ਼ ਹਸਪਤਾਲ ਭੇਜੀ ਗਈ।
ਵੀਡੀਓ ‘ਚ ਖੁਲਿਆ ਸੁਸਾਈਡ ਦਾ ਰਾਜ
ਇੰਦਰਪਾਲ ਕੌਰ ਨੇ ਜ਼ਹਿਰ ਖਾਣ ਤੋਂ ਪਹਿਲਾਂ ਇੱਕ ਮਿੰਟ ਦਾ ਵੀਡੀਓ ਬਣਾਇਆ ਸੀ। ਇਸ ਵਿੱਚ ਉਸ ਨੇ ਦੱਸਿਆ ਕਿ ਉਹ ਪੂਰੇ ਹੋਸ਼ ਵਿੱਚ ਇਹ ਵੀਡੀਓ ਬਣਾ ਰਹੀ ਹੈ। ਉਸਨੇ ਕਿਹਾ ਕਿ ਜੇ ਮੇਰੇ ਜਾਂ ਮੇਰੇ ਪੁੱਤਰ ਨਾਲ ਕੁਝ ਵੀ ਗਲਤ ਹੁੰਦਾ ਹੈ, ਤਾਂ ਇਹ ਗੁਆਂਢੀ, ਸੱਸ ਅਤੇ ਉਹਨਾਂ ਦੇ ਰਿਸ਼ਤੇਦਾਰ ਜ਼ਿੰਮੇਵਾਰ ਹੋਣਗੇ। ਹਰ ਰੋਜ਼ 10-11 ਲੋਕ ਧਮਕੀਆਂ ਦਿੰਦੇ ਸਨ। ਉਹ ਲੋਕ ਕਹਿੰਦੇ ਸਨ ਕਿ “ਤੁਹਾਡਾ ਐਕਸਿਡੈਂਟ ਕਰਵਾ ਦੇਵਾਂਗੇ, ਕੁਝ ਦੇ ਕੇ ਮਾਰ ਦੇਵਾਂਗੇ।”
ਵੀਡੀਓ ਦੇ ਆਧਾਰ ‘ਤੇ FIR ਦਰਜ
ਇਸ ਮਾਮਲੇ ਬਾਰੇ ਮਲੇਰਕੋਟਲਾ ਦੇ ਥਾਣਾ ਸੰਦੌੜ ਦੇ SHO ਗਗਨਦੀਪ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ ‘ਤੇ ਮ੍ਰਿਤਕਾ ਦੀ ਸੱਸ ਚਰਨਜੀਤ ਕੌਰ, ਭੋਲਾ ਸਿੰਘ, ਸੁਖਪਾਲ ਸਿੰਘ, ਦਲਜੀਤ ਕੌਰ, ਕੋਰਾ ਸਿੰਘ, ਗੁਰਪ੍ਰੀਤ ਸਿੰਘ, ਕਿਰਣਾ ਕੌਰ, ਬੋਬੀ ਕੌਰ ਸਮੇਤ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹਰ ਪਹਿਲੂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਜਾਂਚ ਵਿੱਚ ਜੋ ਕੁਝ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ‘ਤੇ ਅੱਗੇ ਕਾਰਵਾਈ ਕੀਤੀ ਜਾਵੇਗੀ।






















