Punjab Weather Update: ਮਾਨਸੂਨ ਨੂੰ ਲੱਗੀ ਬ੍ਰੇਕ! ਪੰਜਾਬ ਰਹਿ ਗਿਆ ਸੁੱਕਾ, 13 ਫੀਸਦੀ ਘੱਟ ਬਾਰਸ਼
Punjab Weather Update: ਇਸ ਵਾਰ ਪੰਜਾਬ ਵਿੱਚ ਮਾਨਸੂਨ ਆਪਣਾ ਰੰਗ ਨਹੀਂ ਵਿਖਾ ਰਹੀ। ਸੂਬੇ ਅੰਦਰ ਜੂਨ ਦੇ ਆਖ਼ਰੀ ਦਿਨਾਂ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਵੀ ਹਾਲੇ ਤੱਕ ਭਾਰੀ ਮੀਂਹ ਨਹੀਂ ਪਿਆ। ਮੌਸਮ ਵਿਭਾਗ ਅਨੁਸਾਰ 1 ਤੋਂ 13 ਜੁਲਾਈ
Punjab Weather Update: ਇਸ ਵਾਰ ਪੰਜਾਬ ਵਿੱਚ ਮਾਨਸੂਨ ਆਪਣਾ ਰੰਗ ਨਹੀਂ ਵਿਖਾ ਰਹੀ। ਸੂਬੇ ਅੰਦਰ ਜੂਨ ਦੇ ਆਖ਼ਰੀ ਦਿਨਾਂ ਵਿੱਚ ਮਾਨਸੂਨ ਦੀ ਆਮਦ ਤੋਂ ਬਾਅਦ ਵੀ ਹਾਲੇ ਤੱਕ ਭਾਰੀ ਮੀਂਹ ਨਹੀਂ ਪਿਆ। ਮੌਸਮ ਵਿਭਾਗ ਅਨੁਸਾਰ 1 ਤੋਂ 13 ਜੁਲਾਈ ਤੱਕ ਪੰਜਾਬ ਵਿੱਚ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਤੇ ਰਾਜਸਥਾਨ ਵਿਚਕਾਰ ਸਹੀ ਦਬਾਅ ਨਹੀਂ ਬਣਾ ਪਾ ਰਹੀਆਂ।
ਇਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਰਿਹਾ ਹੈ ਪਰ ਰਾਜਸਥਾਨ ਵਿੱਚ ਆਮ ਨਾਲੋਂ 35 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ਸੂਬੇ 'ਚ 56.5 ਮਿਲੀਮੀਟਰ ਵਰਖਾ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 49.2 ਮਿਲੀਮੀਟਰ ਬਾਰਸ਼ ਹੀ ਹੋਈ ਹੈ।
ਉਧਰ, ਪੰਜਾਬ 'ਚ ਦੋ ਦਿਨਾਂ ਤੋਂ ਸਰਗਰਮ ਮਾਨਸੂਨ ਮਗਰੋਂ ਤਾਪਮਾਨ 'ਚ ਫਿਰ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਦੀ ਤੁਲਨਾ 'ਚ ਸ਼ਨੀਵਾਰ ਸ਼ਾਮ ਨੂੰ ਰਿਕਾਰਡ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਔਸਤਨ 4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਯਾਨੀ ਐਤਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਸ਼ਨੀਵਾਰ ਦੀ ਤਰ੍ਹਾਂ ਅੱਜ ਯਾਨੀ ਐਤਵਾਰ ਨੂੰ ਵੀ ਮੌਸਮ ਵਿਗਿਆਨ ਕੇਂਦਰ ਨੇ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਪਰ ਅੱਜ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੀਂਹ ਦੀ ਸੰਭਾਵਨਾ ਤਾਂ ਹੈ, ਪਰ ਇਹ ਸਿਰਫ ਕੁਝ ਖੇਤਰਾਂ ਵਿੱਚ ਹੀ ਪਵੇਗਾ ਜਿਸ ਕਾਰਨ ਨਮੀ ਵਧੇਗੀ ਤੇ ਲੋਕ ਹੁੰਮਸ ਤੋਂ ਪ੍ਰੇਸ਼ਾਨ ਹੋਣਗੇ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਮੋਗਾ ਵਿੱਚ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸ਼ਨੀਵਾਰ ਦੀ ਗੱਲ ਕਰੀਏ ਤਾਂ ਸੰਭਾਵਨਾ ਦੇ ਬਾਵਜੂਦ ਪੰਜਾਬ 'ਚ ਕਿਤੇ ਵੀ ਮੀਂਹ ਨਹੀਂ ਪਿਆ।