ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਕੀਤਾ ਪ੍ਰੋ: ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰਾਂ ਨਾਲ 3 ਲੇਖਿਕਾਵਾਂ ਦਾ ਸਨਮਾਨ
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਬਾਬਾ ਗੁਰਮੁਖ ਸਿੰਘ ਹਾਲ ਚ ਕਰਵਾਇਆ ਗਿਆ।
ਲੁਧਿਆਣਾ: ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਸਮਾਰੋਹ ਬਾਬਾ ਗੁਰਮੁਖ ਸਿੰਘ ਹਾਲ ਚ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ: ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਕੀਤੀ। ਇਸ ਮੌਕੇ ਡਾ: ਇਕਬਾਲ ਕੌਰ ਸੌਂਧ, ਡਾ: ਵਨੀਤਾ ਨੂੰ ਪ੍ਰੋ: ਨਿਰਪਜੀਤ ਕੌਰ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਬੋਲਦਿਆਂ ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ,ਖੇਤੀਬਾੜੀ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿੱਛੜੀ ਰੂਹ ਨੂੰ ਯਾਦ ਰੱਖਣ ਲਈ ਇਹ ਪੁਰਸਕਾਰ ਪੰਜਾਬੀਆਂ ਲਈ ਰਾਹ ਦਿਸੇਰਾ ਬਣਨਗੇ ਕਿਉਂਕਿ ਪਦਾਰਥਵਾਦੀ ਸੋਚ ਨੇ ਸਾਡੇ ਪਰਿਵਾਰਕ ਤਾਣੇ ਬਾਣੇ ਵਿੱਚ ਵੀ ਤਰੇੜਾਂ ਪਾ ਦਿੱਤੀਆਂ ਹਨ। ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਨੂੰ ਇਹ ਸਮਾਗਮ ਹਰ ਸਾਲ ਕਰਵਾਉਣ ਲਈ ਮੁਬਾਰਕ ਦਿੱਤੀ ਤੇ ਨਾਲ ਹੀ ਗੁਰਭਜਨ ਸਿੰਘ ਗਿੱਲ ਪਰਿਵਾਰ ਨੂੰ ਇਹ ਪੁਰਸਕਾਰ ਸਥਾਪਤ ਕਰਨ ਲਈ ਸਮੂਹ ਪੰਜਾਬੀਆਂ ਲਈ ਚੰਗਾ ਸੁਨੇਹਾ ਕਹਿ ਕੇ ਵਡਿਆਇਆ।
ਉਨ੍ਹਾਂ ਕਿਹਾ ਕਿ ਨਿਰਪਜੀਤ ਕੌਰ ਸਾਡੀ ਵੱਡੀ ਭੈਣ ਸੀ ਜਿਸਨੇ ਕਾਲਿਜ ਸਿੱਖਿਆ , ਸੱਭਿਆਚਾਰ ਤੇ ਸਮਾਜਿਕ ਤਾਣਾ ਪੇਟਾ ਮਜਬੂਤ ਕਰਨ ਵਿੱਚ ਵੱਡਾ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ ਇਸ ਤਰ੍ਹਾਂ ਦੇ ਚੰਗੇ ਕਾਰਜ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦੀ ਗਰਾਂਟ ਭੇਜਣਗੇ ਅਤੇ ਨਿਰਪਜੀਤ ਕੌਰ ਗਿੱਲ ਦੇ ਸਹੁਰੇ ਪਿੰਡ ਬਸੰਤਕੋਟ(ਗੁਰਦਾਸਪੁਰ) ਨੂੰ ਸਮਾਰਟ ਪਿੰਡ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੀ ਯਾਦ ਵਿੱਚ ਇਸੇ ਪਿੰਡ ਅੰਦਰ ਲਾਇਬਰੇਰੀ ਵੀ ਉਸਾਰੀ ਜਾਵੇਗੀ ਜਿਸ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ।
ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ: ਸ. ਪ. ਸਿੰਘ ਨੇ ਕਰਦਿਆਂ ਕਿਹਾ ਕਿ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਦੋ ਹਸਤੀਆਂ ਮੇਰੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਹਿਕਰਨੀ ਸਨ ਜਦ ਕਿ ਡਾਃ ਵਨੀਤਾ ਦੀ ਸਾਹਿੱਤਕ ਜਾਣ ਪਛਾਣ ਕਰਵਾਉਣ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੱਡਾ ਹੱਥ ਹੈ।
ਪ੍ਰਤਾਪ ਵਿਦਿਅਕ ਅਦਾਰਿਆਂ ਦੀ ਡਾਇਕੈਕਟਰ ਡਾ: ਰਮੇਸ਼ ਇੰਦਰ ਕੌਰ ਬੱਲ ਤੇ ਰਾਮਗੜੀਆ ਸੰਸਥਾਵਾਂ ਦੇ ਨੁਖੀ ਰਣਜੋਧ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਨੇ ਸੁਆਗਤੀ ਭਾਸ਼ਨ ਦਿੰਦਿਆਂ ਦੱਸਿਆ ਕਿ ਇਹ ਪੁਰਸਕਾਰ ਸਾਲ 2014 ਵਿੱਚ ਸੁਰਗਵਾਸੀ ਪ੍ਰੋ: ਨਿਰਪਜੀਤ ਕੌਰ ਗਿੱਲ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਪਰਿਵਾਰ ਵੱਲੋਂ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਤਿੰਨ ਪ੍ਰਬੁੱਧ ਅਧਿਆਪਕਾਂ ਦਾ ਸਨਮਾਨ ਸਾਡਾ ਸੁਭਾਗ ਹੈ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਪਰਿਵਾਰ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦਾ ਸ਼ੁਕਰਾਨਾ ਕੀਤਾ ਅਤੇ ਪੁਰਸਕਾਰ ਲਈ ਮੂਲ ਰਾਸ਼ੀ ਵਿੱਚ ਇੱਕ ਲੱਖ ਰੁਪਏ ਹੋਰ ਦੇਣ ਦਾ ਇਕਰਾਰ ਕੀਤਾ।ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ: ਗੁਰਇਕਬਾਲ ਸਿੰਘ ਤੇ ਡਾ: ਜਸਪਾਲ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਪੁਰਸਕਾਰ ਵਿੱਚ ਹਰ ਸ਼ਖ਼ਸੀਅਤ ਨੂੰ ਇੱਕੀ ਇੱਕੀ ਹਜ਼ਾਰ ਰੁਪਏ ਦੀ ਧਨ ਰਾਸ਼ੀ ਤੋਂ ਇਲਾਵਾ ਸ਼ਲਾਘਾ ਪੱਤਰ ਤੇ ਫੁਲਕਾਰੀ ਭੇਂਟ ਕੀਤੀ ਗਈ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾ ਮੁਕਤ ਪ੍ਰੋਫੈਸਰ ਡਾ: ਇਕਬਾਲ ਕੌਰ ਸੌਂਧ ਲੋਕ ਧਾਰਾ ਮਾਹਿਰ, ਆਲੋਚਕ ਅਤੇ ਕਵਿੱਤਰੀ ਹਨ ਜਿੰਨ੍ਹਾਂ ਨੇ ਗੁਰੂ ਨਾਨਕ ਬਾਣੀ ਵਿੱਚ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਪ੍ਰਸਥਿਤੀਆਂ ਦੀ ਸਮੀਖਿਆ ਵਿਸ਼ੇ ਤੇ ਪੀ. ਐੱਚ .ਡੀ .ਕੀਤੀ।
ਦੂਜੀ ਸ਼ਖ਼ਸੀਅਤ ਨਵੀਂ ਦਿੱਲੀ ਤੋਂ ਸਿਰਕੱਢ ਕਵਿੱਤਰੀ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ: ਵਨੀਤਾ ਹਨ ਜਿੰਨ੍ਹਾਂ ਦੀ ਪੁਸਤਕ ਕਾਲ ਪਹਿਰ ਤੇ ਘੜੀਆਂ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲ ਚੁਕਾ ਹੈ।ਸੰਗੀਤ ਅਤੇ ਪੰਜਾਬੀ ਵਿੱਚ ਐੱਮ ਏ ਕਰਕੇ ਆਪ ਨੇ ਦਿੱਲੀ ਯੂਨੀਵਰਸਿਟੀ ਤੋਂ ਉੱਤਰ ਆਧੁਨਿਕਤਾ ਨਾਲ ਸਬੰਧਿਤ ਵਿਸ਼ੇ ਤੇ ਪੀ. ਐੱਚ. ਡੀ. ਕਰਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਵਿੱਚ ਪੜ੍ਹਾਉਣਾ ਆਰੰਭਿਆ। ਕਵਿਤਾ, ਵਾਰਤਕ, ਆਲੋਚਨਾ, ਅਨੁਵਾਦ ਆਦਿ ਖੇਤਰ ਵਿੱਚ ਆਪਨੇ 56 ਕਿਤਾਬਾਂ ਦੀ ਰਚਨਾ ਕੀਤੀ ਹੈ।