ਪੰਜਾਬੀ ਸਿੱਖ ਨੌਜਵਾਨ ਹਰਜਿੰਦਰ ਸਿੰਘ ਨੂੰ ਗ਼ਲਤੀ ਤੋਂ ਕਈ ਗੁਣਾ ਵੱਧ ਮਿਲ ਰਹੀ ਸਜ਼ਾ, ਸੁਖਬੀਰ ਬਾਦਲ ਨੇ PM ਮੋਦੀ ਨੂੰ ਇਨਸਾਫ ਦਵਾਉਣ ਦੀ ਕੀਤੀ ਅਪੀਲ
ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ਵਿੱਚ ਸਾਡੇ ਬੱਚੇ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਹਰ ਪੱਧਰ ਉੱਤੇ ਅਤੇ ਹਰ ਤਰੀਕੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਆਪਣੇ ਇਸ ਬੱਚੇ ਨੂੰ ਇਨਸਾਫ ਦੁਆਉਣ ਲਈ ਅਸੀਂ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ।

12 ਅਗਸਤ ਨੂੰ ਫਲੋਰੀਡਾ ਦੇ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਦੋਸ਼ੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ 'ਤੇ ਦੋ ਮਾਮਲਿਆਂ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਹੈ। ਪਹਿਲੇ ਮਾਮਲੇ ਵਿੱਚ, ਹਰਜਿੰਦਰ 'ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ। ਜਦੋਂ ਕਿ ਦੂਜੇ ਮਾਮਲੇ ਵਿੱਚ ਤਿੰਨ ਕਤਲ ਦੇ ਦੋਸ਼ ਵੀ ਲਗਾਏ ਗਏ ਹਨ। ਅਦਾਲਤ ਨੇ ਜ਼ਮਾਨਤ ਨਾ ਦੇਣ ਦਾ ਹੁਕਮ ਦਿੱਤਾ ਹੈ। ਇਸ ਤੋਂ ਇਸ ਨੂੰ ਲੈ ਕੇ ਪੰਜਾਬੀ ਭਾਈਚਾਰਾ ਉਸ ਨੌਜਵਾਨ ਦੇ ਹੱਕ ਵਿੱਚ ਆਇਆ ਹੈ।
ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅਮਰੀਕਾ ਵਿੱਚ ਸਾਡੇ ਪੰਜਾਬੀ ਸਿੱਖ ਨੌਜਵਾਨ ਹਰਜਿੰਦਰ ਸਿੰਘ ਵੱਲੋਂ ਟਰੱਕ ਚਲਾਉਂਦੇ ਸਮੇਂ ਹੋਏ ਐਕਸੀਡੈਂਟ 'ਤੇ ਉਸ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਉਸ ਦੇ ਕਸੂਰ ਅਤੇ ਗਲਤੀ ਤੋਂ ਕਈ ਗੁਣਾ ਵੱਧ ਹੈ, ਜਿਸ ਦੀ ਦੁਨੀਆਂ ਦੇ ਕਿਸੇ ਵੀ ਸੱਭਿਅਕ ਤੇ ਮਨੁੱਖੀ ਅਧਿਕਾਰਾਂ ਬਾਰੇ ਸੁਚੇਤ ਸਮਾਜ ਦੇ ਇਤਿਹਾਸ ਵਿੱਚ ਕੋਈ ਮਿਸਾਲ ਨਹੀਂ ਮਿਲਦੀ ।
ਉਸ ਹਾਦਸੇ ਵਿਚ ਸ਼ਿਕਾਰ ਹੋਏ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਾਂ ਨਾਲ ਸ਼੍ਰੋਮਣੀ ਅਕਾਲੀ ਦਲ, ਸਿੱਖ ਕੌਮ, ਸਮੂਹ ਪੰਜਾਬੀਆਂ ਤੇ ਦੇਸ਼ ਵਾਸੀਆਂ ਦੀ ਹਮਦਰਦੀ ਹੈ, ਪਰ ਸੜਕ ਹਾਦਸੇ ਲਈ ਇੱਕ ਸੀਮਾ ਵਿੱਚ ਰਹਿ ਕੇ ਵਾਜਿਬ ਕਾਨੂੰਨੀ ਕਾਰਵਾਈ ਬਣਦੀ ਹੈ, ਜਿਸ ਤਰ੍ਹਾਂ ਸਾਰੀਆਂ ਸੀਮਾਵਾਂ ਪਾਰ ਕਰ ਕੇ ਇਸ ਮਾਸੂਮ ਬੱਚੇ ਤੋਂ ਅਣਜਾਣੇ ਅਤੇ ਬਿਨਾਂ ਕਿਸੇ ਮੰਦਭਾਵਨਾ ਦੇ ਹੋਈ ਗਲਤੀ ਕਰਕੇ ਉਸ ਦਾ ਸਾਰਾ ਜੀਵਨ ਹੀ ਬਰਬਾਦ ਕਰਨ ਦਾ ਰਾਹ ਅਪਣਾਇਆ ਜਾ ਰਿਹਾ ਹੈ ਅਤੇ ਜਿਸ ਤਰ੍ਹਾਂ ਇਸ ਗਲਤੀ ਕਾਰਨ ਅਮਰੀਕਾ ਵਿੱਚ ਰਹਿੰਦੇ ਸਮੂਹ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਸਜ਼ਾ ਦੇਣ ਦਾ ਅਮਲ ਸ਼ੁਰੂ ਕੀਤਾ ਗਿਆ ਹੈ, ਉਹ ਬਿਲਕੁਲ ਹੀ ਅਣਮਨੁੱਖੀ ਵਰਤਾਰਾ ਹੈ ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ।
ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਨੂੰ ਅਮਰੀਕੀ ਸਰਕਾਰ ਕੋਲ ਤੁਰੰਤ ਪਹਿਲ ਦੇ ਆਧਾਰ ‘ਤੇ ਉਠਾ ਕੇ ਇਸ ਪੰਜਾਬੀ ਸਿੱਖ ਬੱਚੇ ਨੂੰ ਇਨਸਾਫ਼ ਦੁਆਉਣ ਲਈ ਵੱਡੇ ਪੱਧਰ ਤੇ ਕਦਮ ਉਠਾਏ ਜਾਣ।
ਇਸ ਸਾਰੇ ਘਟਨਾਕ੍ਰਮ ਕਰਕੇ ਸਮੂਹ ਸਿੱਖ ਤੇ ਪੰਜਾਬੀ ਪਰਿਵਾਰਾਂ ਅੰਦਰ ਗਹਿਰੇ ਦੁੱਖ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ । ਮੈਂ ਅਮਰੀਕਾ ਵਿੱਚ ਸ਼੍ਰੋਮਣੀ ਅਕਾਲ ਦਲ ਦੇ ਯੂਨਿਟ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਬੱਚੇ ਨੂੰ ਹਰ ਕਾਨੂੰਨੀ ਤੇ ਲੋੜੀਂਦੀ ਮਾਇਕ ਸਹਾਇਤਾ ਮੁਹੱਈਆ ਕਰਵਾਉਣ ਲਈ ਪਹਿਲਕਦਮੀ ਕਰਨ ।
ਸ਼੍ਰੋਮਣੀ ਅਕਾਲੀ ਦਲ ਇਸ ਔਖੀ ਘੜੀ ਵਿੱਚ ਸਾਡੇ ਬੱਚੇ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਹਰ ਪੱਧਰ ਉੱਤੇ ਅਤੇ ਹਰ ਤਰੀਕੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਤੇ ਆਪਣੇ ਇਸ ਬੱਚੇ ਨੂੰ ਇਨਸਾਫ ਦੁਆਉਣ ਲਈ ਅਸੀਂ ਹਰ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਿੱਚ ਇਸ ਘਟਨਾ ਕਾਰਨ ਨਿਸ਼ਾਨਾ ਬਣਾਏ ਜਾਣ ਵਾਲੇ ਸਮੂਹ ਪੰਜਾਬੀ ਸਿੱਖ ਪਰਿਵਾਰਾਂ ਦੇ ਹੱਕ ਵਿੱਚ ਹਰ ਪੱਧਰ ‘ਤੇ ਆਵਾਜ਼ ਬੁਲੰਦ ਕਰੇਗਾ ।






















