ਕੈਨੇਡਾ 'ਚ ਰੇ*ਪ ਦੇ ਦੋਸ਼ 'ਚ ਪੰਜਾਬ ਦਾ ਨੌਜਵਾਨ ਗ੍ਰਿਫ਼ਤਾਰ, 3 ਔਰਤਾਂ ਨੂੰ ਬਣਾਇਆ ਆਪਣੀ ਹਵਸ਼ ਦਾ ਸ਼ਿਕਾਰ, ਇਦਾਂ ਦਿੰਦਾ ਸੀ ਵਾਰਦਾਤ ਨੂੰ ਅੰਜਾਮ
Punjab News: ਕੈਨੇਡਾ ਦੀ ਪੀਲ ਪੁਲਿਸ ਨੇ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।
Punjab News: ਕੈਨੇਡਾ ਦੀ ਪੀਲ ਪੁਲਿਸ ਨੇ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਔਰਤਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੀਆਂ ਵਾਰਦਾਤਾਂ ਇਸੇ ਮਹੀਨੇ ਹੋਈਆਂ ਅਤੇ ਉਹ ਲਗਾਤਾਰ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਮੁਲਜ਼ਮ ਪਹਿਲਾਂ ਔਰਤਾਂ ਨੂੰ ਰਾਈਡਸ਼ੇਅਰ ਆਪਰੇਟਰ ਬਣ ਕੇ ਵਰਗਲਾਉਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਵੱਖਰੀਆਂ-ਵੱਖਰੀਆਂ ਥਾਵਾਂ 'ਤੇ ਲਿਜਾਂਦਾ ਸੀ ਅਤੇ ਫਿਰ ਸੁੰਨਸਾਨ ਥਾਂ 'ਤੇ ਲਿਜਾ ਕੇ ਬਲਾਤਕਾਰ ਕਰਦਾ ਸੀ।
ਫੜੇ ਗਏ ਨੌਜਵਾਨ ਦੀ ਪਛਾਣ ਅਰਸ਼ਦੀਪ ਸਿੰਘ (22) ਵਾਸੀ ਬਰੈਂਪਟਨ ਵਜੋਂ ਹੋਈ ਹੈ। ਇਹ ਨੌਜਵਾਨ ਦਸੰਬਰ 2022 'ਚ ਸਟੱਡੀ ਵੀਜ਼ੇ 'ਤੇ ਪੰਜਾਬ ਤੋਂ ਕੈਨੇਡਾ ਗਿਆ ਸੀ। ਮੁਲਜ਼ਮਾਂ ਨੇ ਬਰੈਂਪਟਨ ਵਿੱਚ ਬੱਸ ਹੜਤਾਲ ਦਾ ਫਾਇਦਾ ਚੁੱਕਿਆ ਅਤੇ ਰਾਈਡਸ਼ੇਅਰ ਆਪਰੇਟਰ ਦੇ ਰੂਪ ਵਿੱਚ ਔਰਤਾਂ ਨੂੰ ਲਿਫਟਾਂ ਦਿੱਤੀਆਂ ਸਨ। ਇਸੇ ਮਹੀਨੇ ਤਿੰਨ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ, ਦੋ ਖੇਤਰਾਂ ਪੀਲ ਅਤੇ ਯੌਕ ਦੀ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ।
ਤਿੰਨਾਂ ਪੀੜਤ ਔਰਤਾਂ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਂ-ਸਮੇਂ 'ਤੇ ਪੰਜਾਬੀ 'ਚ ਗੱਲ ਕਰਦਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ੍ਹ ਪੀਲ ਪੁਲਿਸ ਨੂੰ ਸਫ਼ਲਤਾ ਮਿਲੀ ਅਤੇ ਜਨਤਕ ਤੌਰ 'ਤੇ ਐਲਾਨ ਕੀਤਾ ਕਿ ਜੇਕਰ ਨੌਜਵਾਨ ਵੱਲੋਂ ਕਿਸੇ ਹੋਰ ਔਰਤ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਜਾਣਕਾਰੀ ਸਾਂਝੀ ਕੀਤੀ ਜਾਵੇ।
ਦੋਸ਼ੀ ਦੇ ਖਿਲਾਫ ਤਿੰਨ ਮਾਮਲੇ ਦਰਜ
ਸਥਾਨਕ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 3 ਕੇਸ ਦਰਜ ਕਰ ਲਏ ਹਨ। ਜਿਸ ਵਿੱਚ ਜਿਨਸੀ ਸ਼ੋਸ਼ਣ, ਹਥਿਆਰਾਂ ਨਾਲ ਜਿਨਸੀ ਸ਼ੋਸ਼ਣ, ਗਲਾ ਘੁੱਟ ਕੇ ਜਿਨਸੀ ਸ਼ੋਸ਼ਣ, ਲੁੱਟਮਾਰ ਅਤੇ ਧਮਕੀਆਂ ਦੇਣ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਦੋਸ਼ੀ ਨੂੰ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਹੋਰ ਨੂੰ ਉਕਤ ਦੋਸ਼ੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ।
ਸਾਂਝੇ ਐਕਸ਼ਨ ਨੇ ਮਾਮਲੇ ਨੂੰ ਛੇਤੀ ਸੁਲਝਾਇਆ
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਕਿਹਾ ਕਿ ਇਹ ਗ੍ਰਿਫਤਾਰੀ ਸਾਡੀ ਟੀਮ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਦਾ ਨਤੀਜਾ ਹੈ। ਅਸੀਂ ਜਿਨਸੀ ਹਿੰਸਾ ਅਤੇ ਲਿੰਗ ਆਧਾਰਿਤ ਅਪਰਾਧਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ। ਇਸ ਦੇ ਨਾਲ ਹੀ ਯੌਰਕ ਰੀਜਨਲ ਪੁਲਿਸ ਦੇ ਡਿਪਟੀ ਚੀਫ ਅਲਵਾਰੋ ਅਲਮੇਡਾ ਨੇ ਕਿਹਾ ਕਿ ਸਾਡੀ ਸਾਂਝੀ ਕਾਰਵਾਈ ਕਰਕੇ ਇਸ ਮਾਮਲੇ ਨੂੰ ਜਲਦੀ ਹੱਲ ਕੀਤਾ ਜਾ ਸਕਦਾ ਹੈ। ਇਹ ਦੋਵਾਂ ਵਿਭਾਗਾਂ ਦਰਮਿਆਨ ਸਹਿਯੋਗ ਦੀ ਇੱਕ ਹੋਰ ਸਫਲ ਉਦਾਹਰਣ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਪਛਾਤੇ ਵਿਅਕਤੀ ਤੋਂ ਰਾਈਡਸ਼ੇਅਰ ਸੇਵਾਵਾਂ ਨਾ ਲੈਣ ਅਤੇ ਹਮੇਸ਼ਾ ਚੌਕਸ ਰਹਿਣ।