ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਪੀ. ਅਥਾਰਟੀ ਦੀਆਂ ਨਵੀਆਂ ਹਦਾਇਤਾਂ ਅੱਜ ਤੋਂ ਲਾਗੂ
Punjab News: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਜਾਰੀ ਨਵੇਂ ਨਿਰਦੇਸ਼ ਅੱਜ 1 ਫਰਵਰੀ, 2023 ਤੋਂ ਲਾਗੂ ਹੋ ਗਏ ਹਨ।
Punjab News: ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ ਵੱਲੋਂ ਭੂਮੀਗਤ ਪਾਣੀ ਕੱਢਣ ਅਤੇ ਸੰਭਾਲ ਸਬੰਧੀ ਜਾਰੀ ਨਵੇਂ ਨਿਰਦੇਸ਼ ਅੱਜ 1 ਫਰਵਰੀ, 2023 ਤੋਂ ਲਾਗੂ ਹੋ ਗਏ ਹਨ।
ਇਨ੍ਹਾਂ ਨਿਰਦੇਸ਼ਾਂ ਤਹਿਤ ਖੇਤੀਬਾੜੀ ਲਈ ਵਰਤੋਂ, ਪੀਣ ਅਤੇ ਘਰੇਲੂ ਵਰਤੋਂ, ਪੂਜਾ ਅਸਥਾਨਾਂ, ਸਰਕਾਰੀ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਸਕੀਮਾਂ, ਮਿਲਟਰੀ ਜਾਂ ਕੇਂਦਰੀ ਪੈਰਾ-ਮਿਲਟਰੀ ਫੋਰਸਿਜ਼, ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ, ਛਾਉਣੀ ਬੋਰਡ, ਸੁਧਾਰ ਵਿਕਾਸ ਟਰੱਸਟ ਅਤੇ ਏਰੀਆ ਵਿਕਾਸ ਅਥਾਰਟੀ ਅਤੇ ਸਾਰੀਆਂ ਇਕਾਈਆਂ ਜਿਹੜੀਆਂ 300 ਘਣ ਮੀਟਰ/ਪ੍ਰਤੀ ਮਹੀਨਾ ਤੱਕ ਪਾਣੀ ਕੱਢਦੀਆਂ ਹਨ, ਨੂੰ ਛੋਟ ਦਿੱਤੀ ਗਈ ਹੈ।
ਇਨ੍ਹਾਂ ਨਿਰਦੇਸ਼ਾਂ ਦੇ ਲਾਗੂ ਹੋਣ ਨਾਲ ਬਿਨ੍ਹਾਂ ਛੋਟ ਵਾਲੇ ਉਪਭੋਗਤਾ ਜੋ ਭੂਮੀਗਤ ਪਾਣੀ ਕੱਢਦੇ ਹਨ, ਨੂੰ 1 ਫਰਵਰੀ, 2023 ਤੋਂ ਭੂਮੀਗਤ ਪਾਣੀ ਕੱਢਣ ਦੇ ਖਰਚੇ ਦਾ ਭੁਗਤਾਨ ਕਰਨਾ ਹੋਵੇਗਾ। ਜਿਨ੍ਹਾਂ ਉਪਭੋਗਤਾਵਾਂ ਨੇ ਪਾਣੀ ਦਾ ਮੀਟਰ ਨਹੀਂ ਲਗਾਇਆ ਹੈ, ਉਨ੍ਹਾਂ ਨੂੰ ਵੀ ਇਹ ਖਰਚੇ ਅਦਾ ਕਰਨੇ ਪੈਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਅਥਾਰਟੀ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।ਮੌਜੂਦਾ ਉਪਭੋਗਤਾਵਾਂ ਨੂੰ ਅਥਾਰਟੀ ਦੀ ਮਨਜ਼ੂਰੀ ਲੈਣ ਅਤੇ ਪਾਣੀ ਦੇ ਮੀਟਰ ਲਗਾਉਣ ਲਈ ਅਰਜ਼ੀ ਦੇਣ ਵਾਸਤੇ 3 ਤੋਂ 9 ਮਹੀਨਿਆਂ ਤੱਕ ਦੀ ਛੋਟ ਦਿੱਤੀ ਗਈ ਹੈ। 15,000 ਘਣ ਮੀਟਰ ਪ੍ਰਤੀ ਮਹੀਨਾ ਤੋਂ ਵੱਧ ਪਾਣੀ ਕੱਢਣ ਵਾਲੇ ਉਪਭੋਗਤਾਵਾਂ ਨੂੰ 30 ਅਪਰੈਲ, 2023 ਤੱਕ ਤਿੰਨ ਮਹੀਨਿਆਂ ਅੰਦਰ ਅਰਜ਼ੀ ਦੇਣੀ ਪਵੇਗੀ। 1500 ਤੋਂ 15,000 ਘਣ ਮੀਟਰ ਪ੍ਰਤੀ ਮਹੀਨਾ ਪਾਣੀ ਕੱਢਣ ਵਾਲੇ ਦਰਮਿਆਨੇ ਉਪਭੋਗਤਾਵਾਂ ਨੂੰ 31 ਜੁਲਾਈ 2023 ਤੱਕ ਬਿਨੈ ਕਰਨ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਪ੍ਰਤੀ ਮਹੀਨਾ 300-1500 ਘਣ ਮੀਟਰ ਪਾਣੀ ਕੱਢਣ ਵਾਲੇ ਸਭ ਤੋਂ ਛੋਟੇ ਉਪਭੋਗਤਾ 31 ਅਕਤੂਬਰ, 2023 ਤੱਕ 9 ਮਹੀਨਿਆਂ ਦੇ ਸਮੇਂ ਅੰਦਰ ਅਰਜ਼ੀ ਦੇ ਸਕਦੇ ਹਨ।
ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦ ਤੋਂ ਜਲਦ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨਵੇਂ ਮੀਟਰ ਲਗਾਉਣ ਅਤੇ ਪਾਣੀ ਦੇ ਮੀਟਰ ਦੀ ਖੁਦ ਰੀਡਿੰਗ ਲੈ ਕੇ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨ। ਮਹੀਨਾਵਾਰ ਵਾਟਰ ਮੀਟਰ ਰੀਡਿੰਗ ਦੀ ਰਿਪੋਰਟ ਉਪਭੋਗਤਾਵਾਂ ਵੱਲੋਂ ਈਮੇਲ gwebilling.pwrda@punjab.gov.in ਰਾਹੀਂ ਅਥਾਰਟੀ ਨੂੰ ਭੇਜੀ ਜਾਵੇਗੀ। ਹਰੇਕ ਉਪਭੋਗਤਾ ਵੱਲੋਂ ਮਹੀਨਾਵਾਰ ਬਿੱਲ ਦਾ ਭੁਗਤਾਨ ਅਥਾਰਟੀ ਦੇ ਐਚ.ਡੀ.ਐਫ.ਸੀ. ਬੈਂਕ ਖਾਤਾ ਨੰਬਰ 50100071567691, (ਆਈ.ਐਫ.ਐਸ.ਸੀ.: HDFC0000035) ਵਿੱਚ ਕੀਤਾ ਜਾਵੇਗਾ।
ਜੇਕਰ ਕੋਈ ਉਪਭੋਗਤਾ ਲੋੜੀਂਦੇ ਸਮਰੱਥਾ ਮੁਤਾਬਿਕ ਵਾਟਰ ਮੀਟਰ ਨਹੀਂ ਲਗਾਉਂਦਾ ਤਾਂ ਉਸਨੂੰ 1 ਫਰਵਰੀ, 2023 ਤੋਂ ਵਾਟਰ ਮੀਟਰ ਲਗਾਉਣ ਦੀ ਮਿਤੀ ਤੱਕ ਪਾਣੀ ਕੱਢਣ ਦੀ ਮਨਜ਼ੂਰੀ ਅਨੁਸਾਰ ਮਹੀਨਾਵਾਰ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। ਇਸ ਲਈ ਉਪਭੋਗਤਾ ਜਲਦ ਤੋਂ ਜਲਦ ਲੋੜੀਂਦੀ ਜ਼ਰੂਰਤ ਮੁਤਾਬਿਕ ਵਾਟਰ ਮੀਟਰ ਲਗਵਾਉਣ। ਵਾਟਰ ਮੀਟਰ ਸਬੰਧੀ ਵਿਸ਼ੇਸ਼ਤਾਵਾਂ ਵੈੱਬਸਾਈਟ 'ਤੇ ਦਿੱਤੀਆਂ ਗਈਆਂ ਹਨ।
ਮੌਜੂਦਾ ਉਪਭੋਗਤਾ ਜਿਨ੍ਹਾਂ ਨੇ ਲੋੜੀਂਦੀਆਂ ਵਿਸ਼ੇਸ਼ਤਾਵਾਂ ਵਾਲਾ ਪਾਣੀ ਮੀਟਰ ਲਗਵਾ ਲਿਆ ਹੈ, ਉਨ੍ਹਾਂ ਨੂੰ 1, ਫਰਵਰੀ, 2023 ਨੂੰ ਅਤੇ ਫਿਰ ਹਰ ਮਹੀਨੇ ਆਪਣੇ ਮੀਟਰ ਰੀਡਿੰਗ ਨੂੰ ਨੋਟ ਕਰਨਾ ਚਾਹੀਦਾ ਹੈ। ਅਜਿਹੇ ਸਾਰੇ ਉਪਭੋਗਤਾਵਾਂ ਵੱਲੋਂ ਖੁਦ ਰੀਡਿੰਗ ਕਰਕੇ ਮਹੀਨਾਵਾਰ ਆਧਾਰ 'ਤੇ ਭੂਮੀਗਤ ਪਾਣੀ ਕੱਢਣ ਦੇ ਖਰਚੇ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਅਜਿਹੇ ਉਪਭੋਗਤਾਵਾਂ ਵੱਲੋਂ ਫਰਵਰੀ, 2023 ਦਾ ਪਹਿਲਾ ਬਿੱਲ 20 ਮਾਰਚ, 2023 ਤੱਕ ਭੁਗਤਾਨ ਕਰਨ ਯੋਗ ਹੋਵੇਗਾ।