Punjab Heavy Rain: ਮੀਂਹ ਨਾਲ ਲੀਹੋਂ ਲੱਥਾ ਪੰਜਾਬ ! 50 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ, 3 ਦੀ ਮੌਤ, 1 ਲਾਪਤਾ
Punjab Rain Alert: ਪੰਜਾਬ ਵਿੱਚ ਹੜ੍ਹ-ਮੀਂਹ ਦਾ ਕਹਿਰ ਵਧਦਾ ਜਾ ਰਿਹਾ ਹੈ। ਦਰਿਆਵਾਂ ਦੇ ਵਹਿਣ ਕਾਰਨ ਹੜ੍ਹਾਂ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। ਹੁਣ ਸੂਬੇ 'ਚ 3 ਲੋਕਾਂ ਦੀ ਮੌਤ ਹੋ ਗਈ ਹੈ।
Punjab News: ਪੰਜਾਬ 'ਚ ਮੰਗਲਵਾਰ ਨੂੰ ਮੀਂਹ ਤੋਂ ਰਾਹਤ ਮਿਲੀ। ਜੇਕਰ ਪਿਛਲੇ ਚਾਰ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸੂਬੇ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਵਿੱਚੋਂ ਦੋ ਵਿਅਕਤੀ ਰੋਪੜ ਅਤੇ ਇੱਕ ਫਤਹਿਗੜ੍ਹ ਸਾਹਿਬ ਦਾ ਹੈ। ਇਸ ਦੇ ਨਾਲ ਹੀ ਰੋਪੜ ਤੋਂ ਇੱਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਜਿਨ੍ਹਾਂ ਦੀ ਭਾਲ ਅਜੇ ਜਾਰੀ ਹੈ। ਮੀਂਹ ਕਾਰਨ ਸਭ ਤੋਂ ਵੱਧ ਨੁਕਸਾਨ ਰਾਜਪੁਰਾ, ਪਟਿਆਲਾ, ਮੋਹਾਲੀ ਅਤੇ ਰੋਪੜ ਵਿੱਚ ਹੋਇਆ ਹੈ।
ਸਰਕਾਰ ਨੇ 33 ਕਰੋੜ ਦੀ ਗ੍ਰਾਂਟ ਕੀਤੀ ਜਾਰੀ
ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੀਂਹ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ 33 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ। ਕਿਸੇ ਵੀ ਥਾਂ 'ਤੇ ਲੋੜ ਪੈਣ 'ਤੇ ਇਸ ਪੈਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੰਤਰੀ ਜ਼ਿੰਪਾ ਨੇ ਦੱਸਿਆ ਕਿ ਸਾਰੇ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਪਾਣੀ ਸੁੱਕਣ ਦੀ ਸੂਰਤ ਵਿੱਚ ਹੀ ਨੁਕਸਾਨ ਦੀ ਹੱਦ ਦਾ ਪਤਾ ਲੱਗ ਸਕੇਗਾ। ਪਰ ਫਿਰ ਵੀ ਅਰਬਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
50 ਪਿੰਡਾਂ ਨੂੰ ਖਾਲੀ ਕਰਵਾਇਆ
ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ 'ਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ। ਦੂਜੇ ਪਾਸੇ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆਉਣ ਕਾਰਨ ਕਈ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਗਿਆ। NDRF ਦੀ ਟੀਮ ਦੇਰ ਰਾਤ ਤੋਂ ਲੋਕਾਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਸਤਲੁਜ 'ਚ ਪਾਣੀ ਵਧਣ ਦੇ ਖਤਰੇ ਦੇ ਮੱਦੇਨਜ਼ਰ ਸ਼ਾਹਕੋਟ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ 50 ਪਿੰਡਾਂ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਚਲਾਈ ਗਈ ਹੈ।
ਸਤਲੁਜ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਦਾ ਖਤਰਾ
ਹਿਮਾਚਲ ਪ੍ਰਦੇਸ਼ 'ਚ ਦਰਿਆਵਾਂ ਨੇ ਭਿਆਨਕ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ, ਦਰਿਆਵਾਂ ਦੇ ਵਧਦੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਭਾਖੜਾ ਡੈਮ ਦੇ ਗੇਟ ਵੀ ਖੋਲ੍ਹ ਦਿੱਤੇ ਗਏ ਹਨ, ਜਿਸ ਕਾਰਨ 3 ਲੱਖ ਕਿਊਸਿਕ ਪਾਣੀ ਸਤਲੁਜ ਦਰਿਆ 'ਚ ਆ ਗਿਆ ਹੈ। ਸਤਲੁਜ ਦੇ ਕੰਢੇ ਵਸੇ ਪਿੰਡਾਂ ਵਿੱਚ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ।