Rain in Punjab: ਇਸ ਵਾਰ ਜਲਦੀ ਕੱਢਣੀਆਂ ਪੈਣਗੀਆਂ ਰਜਾਈਆਂ, ਮੀਂਹ ਨੇ ਡੇਗਿਆ ਅੱਠ ਡਿਗਰੀ ਪਾਰਾ
ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਔਸਤਨ 8.5 ਮਿਲੀਮੀਟਰ ਮੀਂਹ ਪਿਆ ਹੈ। ਮੰਗਲਵਾਰ ਪੂਰਾ ਦਿਨ ਬੱਦਲਵਾਈ ਬਣੀ ਰਹੀ ਤੇ ਬਹੁਤੀਆਂ ਥਾਵਾਂ ’ਤੇ ਕਿਣਮਿਣ ਹੁੰਦੀ ਰਹੀ ਜਦਕਿ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ ਹੈ।
Rain in Punjab: ਬੇਮੌਸਮੀ ਬਾਰਸ਼ ਨੇ ਜਿੱਥੇ ਫਸਲਾਂ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਅਗੇਤੀ ਠੰਢ ਆਉਣ ਦੀ ਸੰਭਵਨਾ ਬਣ ਗਈ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਨਾਲ ਪਾਰਾ ਤਕਰੀਬਨ ਅੱਠ ਡਿਗਰੀ ਤੱਕ ਡਿੱਗ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਠੰਢ ਵਧ ਸਕਦੀ ਹੈ। ਇਸ ਲਈ ਇਸ ਵਾਰ ਸਰਦੀ ਦਾ ਮੌਸਮ ਲੰਬਾ ਹੋ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਸੂਬੇ ਵਿੱਚ ਔਸਤਨ 8.5 ਮਿਲੀਮੀਟਰ ਮੀਂਹ ਪਿਆ ਹੈ। ਮੰਗਲਵਾਰ ਪੂਰਾ ਦਿਨ ਬੱਦਲਵਾਈ ਬਣੀ ਰਹੀ ਤੇ ਬਹੁਤੀਆਂ ਥਾਵਾਂ ’ਤੇ ਕਿਣਮਿਣ ਹੁੰਦੀ ਰਹੀ ਜਦਕਿ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਹੁਣ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਤੇ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਪਟਿਆਲਾ ਵਿੱਚ ਤਾਪਮਾਨ 18 ਡਿਗਰੀ ਸੈਲਸੀਅਸ ਰਿਹਾ। ਨਵਾਂ ਸ਼ਹਿਰ ਵਿਚ 66.4 ਮਿਲੀਮੀਟਰ, ਪਟਿਆਲਾ ਵਿਚ 24.8, ਜਲੰਧਰ ’ਚ 17.1, ਰੋਪੜ ਵਿਚ 27, ਫਤਹਿਗੜ੍ਹ ਸਾਹਿਬ ਵਿਚ 14.5 ਤੇ ਸੰਗਰੂਰ ਵਿੱਚ 12.2 ਮਿਲੀਮੀਟਰ ਮੀਂਹ ਪਿਆ ਹੈ।
ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇੱਕ ਪਾਸੇ ਮੀਂਹ ਨੇ ਝੋਨੇ ਦੀ ਵਾਢੀ ਰੋਕ ਦਿੱਤੀ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਫਸਲ ਭਿੱਜਣ ਕਰਕੇ ਕਿਸਾਨਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਦੇ ਮੰਡੀਆਂ ਅੰਦਰ ਪੁਖਤਾ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਝਾੜ ਉੱਪਰ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਝੋਨੇ ਦੀ ਕਟਾਈ ਦਾ ਕੰਮ ਵੀ ਕੁਝ ਦਿਨ ਲੇਟ ਹੋਏਗਾ।
ਫਸਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ: ਖੇਤੀਬਾੜੀ ਵਿਭਾਗ
ਉਧਰ, ਖੇਤੀਬਾੜੀ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਮੌਸਮ ਦੀ ਖਰਾਬੀ ਕਰਕੇ ਝੋਨੇ ਦੀ ਫਸਲ ਤਿੰਨ ਚਾਰ ਦਿਨ ਲੇਟ ਹੋ ਸਕਦੀ ਹੈ ਪਰ ਕਿਧਰੋਂ ਵੀ ਫਸਲ ਦੇ ਨੁਕਸਾਨ ਦੀ ਸੂਚਨਾ ਨਹੀਂ। ਖੇਤੀ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਂਹ ਕਾਰਨ ਮੁਹਾਲੀ, ਨਵਾਂ ਸ਼ਹਿਰ ਤੇ ਲੁਧਿਆਣਾ ਜ਼ਿਲ੍ਹੇ ’ਚ ਝੋਨੇ ਦੀ ਵਾਢੀ ਰੁਕ ਗਈ ਹੈ। ਖੇਤੀਬਾੜੀ ਵਿਭਾਗ ਮੁਤਾਬਕ ਮਾਝੇ ’ਚ ਤਾਂ ਕਰੀਬ ਪੰਜਾਹ ਫੀਸਦੀ ਫਸਲ ਆ ਵੀ ਚੁੱਕੀ ਹੈ। ਮਾਲਵਾ ਖ਼ਿੱਤੇ ਵਿੱਚ ਫਸਲ ਦੀ ਆਮਦ ਹਾਲੇ ਘੱਟ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਫਸਲ ਦੀ ਆਮਦ ਵਧੇਗੀ।