ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਿਆ ਮਾਫੀਨਾਮਾ, ਕਿਹਾ- ਮੈਂ ਸਿਰ ਝੁਕਾ ਕੇ ਮੰਗਦਾ ਹਾਂ ਮੁਆਫੀ, ਜਾਣੋ ਪੂਰਾ ਮਾਮਲਾ
ਜੇ ਮੈਂ ਅਣਜਾਣੇ ਵਿੱਚ ਇਸ ਮਹਾਨ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ, ਤਾਂ ਮੈਨੂੰ ਅਫਸੋਸ ਹੈ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਜਥੇਦਾਰ ਸਾਹਿਬ ਜੀ ਤੋਂ ਮੁਆਫੀ ਮੰਗਦਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਉਪਰੋਕਤ ਅਪਰਾਧ ਮਾਫ਼ ਕੀਤਾ ਜਾਵੇ।
Punjab News: ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗ ਲਈ ਹੈ। ਇੰਟਰਵਿਊ 'ਚ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਸੁਖਬੀਰ ਬਾਦਲ ਵੱਲੋਂ ਲਿਖੇ ਸ਼ਬਦ ਬੋਲਣ ਦਾ ਦੋਸ਼ ਲਾਇਆ ਸੀ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜਾ ਵੜਿੰਗ ਨੂੰ ਚਿਤਾਵਨੀ ਦੇ ਕੇ ਮੁਆਫੀ ਮੰਗਣ ਲਈ ਕਿਹਾ ਗਿਆ।
ਹਾਲਾਂਕਿ ਰਾਜਾ ਵੜਿੰਗ ਨੇ ਦੋ ਦਿਨ ਪਹਿਲਾਂ ਮੀਡੀਆ ਅਤੇ ਲੋਕਾਂ ਦੇ ਸਾਹਮਣੇ ਆ ਕੇ ਇਸ ਲਈ ਮੁਆਫੀ ਮੰਗੀ ਸੀ ਪਰ ਹੁਣ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਮੁਆਫੀਨਾਮਾ ਭੇਜ ਦਿੱਤਾ ਹੈ ਜਿਸ ਵਿੱਚ ਰਾਜਾ ਵੜਿੰਗ ਨੇ ਲਿਖਿਆ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਉਥੋਂ ਦੇ ਜਥੇਦਾਰ ਸਾਹਿਬ ਮੇਰੇ ਲਈ ਬਹੁਤ ਸਤਿਕਾਰਯੋਗ ਹਨ। ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਮੈਂ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ ਤੇ ਸਾਰੀ ਉਮਰ ਇਨ੍ਹਾਂ ਦੀ ਪਾਲਣਾ ਕਰਦਾ ਰਹਾਂਗਾ ਤੁਸੀਂ ਜਿਸ ਸਥਾਨ 'ਤੇ ਹੋ, ਮੈਂ ਉਸ ਬਾਰੇ ਕੋਈ ਇਤਰਾਜ਼ਯੋਗ ਟਿੱਪਣੀ ਕਰਨ ਬਾਰੇ ਕਦੇ ਨਹੀਂ ਸੋਚਾਂਗਾ।
ਮੈਂ ਸਿੱਖ ਪਰੰਪਰਾ ਵਿੱਚ ਰਹਿਣ ਵਾਲਾ ਸਿੱਖ ਹਾਂ ਅਤੇ ਜੋ ਟਿੱਪਣੀਆਂ ਮੈਂ ਹਾਲ ਹੀ ਵਿੱਚ ਕੀਤੀਆਂ ਹਨ ਉਹ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਬੰਧਤ ਸਨ। ਹਾਲਾਂਕਿ ਜੇ ਮੈਂ ਅਣਜਾਣੇ ਵਿੱਚ ਇਸ ਮਹਾਨ ਸੰਸਥਾ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ ਹੈ, ਤਾਂ ਮੈਨੂੰ ਅਫਸੋਸ ਹੈ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਸਿਰ ਝੁਕਾ ਕੇ ਜਥੇਦਾਰ ਸਾਹਿਬ ਜੀ ਤੋਂ ਮੁਆਫੀ ਮੰਗਦਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਮੇਰਾ ਉਪਰੋਕਤ ਅਪਰਾਧ ਮਾਫ਼ ਕੀਤਾ ਜਾਵੇ।
ਕੀ ਹੈ ਪੂਰਾ ਮਾਮਲਾ
ਇੰਟਰਵਿਊ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ ਕੀਤਾ ਗਿਆ ਕਿ ਰਾਜਾ ਵੜਿੰਗ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਅਜਿਹੇ ਬਿਆਨਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਅਤੇ ਮਰਿਆਦਾ ਨੂੰ ਠੇਸ ਪਹੁੰਚੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਰਾਜਾ ਵੜਿੰਗ ਨੇ ਆਪਣੇ ਸਿਆਸੀ ਪ੍ਰਭਾਵ ਵਾਲੇ ਬਿਆਨ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਅਤੇ ਮਰਿਆਦਾ ਨੂੰ ਗੰਭੀਰ ਸੱਟ ਮਾਰੀ ਹੈ, ਜੋ ਕਿ ਪੂਰੀ ਤਰ੍ਹਾਂ ਅਸਹਿਣਯੋਗ ਹੈ।