Bajinder Pastor: ਬਲਾਤਕਾਰੀ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
ਅੱਜ ਇੱਕ ਅਪ੍ਰੈਲ ਨੂੰ ਅਦਾਲਤ ਵੱਲੋਂ ਜਬਰ ਜਨਾਹ ਦੇ ਮਾਮਲੇ ਵਿਚ ਸਜ਼ਾ ਸੁਣਾਈ ਜਾਣੀ ਸੀ। ਜੱਜ ਨੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ

ਮੋਹਾਲੀ ਦੀ ਅਦਾਲਤ ਨੇ ਜਬਰ ਜਨਾਹ ਦੇ ਮਾਮਲੇ ਵਿਚ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਪਾਸਟਰ ਬਜਿੰਦਰ ਨੂੰ ਇਹ ਸਜ਼ਾ ਧਾਰਾ 376 (2), 323 ਤੇ 506 ਤਹਿਤ ਸੁਣਾਈ ਗਈ ਹੈ।
ਕੀ ਹੈ ਪੂਰਾ ਮਾਮਲਾ
ਬਜਿੰਦਰ ਨੇ ਮਹਿਲਾ ਨੂੰ ਆਪਣੇ ਘਰ ਲੈ ਜਾ ਕੇ ਬਲਾਤਕਾਰ ਕੀਤਾ
ਬਜਿੰਦਰ ਸਿੰਘ 'ਤੇ 2018 ਵਿੱਚ ਬਲਾਤਕਾਰ, ਕੁੱਟਮਾਰ ਅਤੇ ਧਮਕੀਆਂ ਦੇ ਮਾਮਲੇ ਵਿੱਚ ਮੋਹਾਲੀ ਦੇ ਜੀਰਕਪੁਰ ਥਾਣੇ ਵਿੱਚ ਕੇਸ ਦਰਜ ਹੋਇਆ ਸੀ। ਮਹਿਲਾ ਦਾ ਕਹਿਣਾ ਸੀ ਕਿ ਉਹ ਵਿਦੇਸ਼ ਵਿੱਚ ਵੱਸਣਾ ਚਾਹੁੰਦੀ ਸੀ। ਇਸ ਲਈ ਉਸਨੇ ਬਜਿੰਦਰ ਨਾਲ ਸੰਪਰਕ ਕੀਤਾ। ਬਜਿੰਦਰ ਨੇ ਉਸਨੂੰ ਮੋਹਾਲੀ ਸਥਿਤ ਆਪਣੇ ਸੈਕਟਰ 63 ਦੇ ਘਰ ਵਿੱਚ ਲੈ ਜਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ।
ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਹੋਇਆ, ਜਮਾਨਤ 'ਤੇ ਛੱਡ
ਇਸ ਮਾਮਲੇ ਵਿੱਚ ਕੇਸ ਦਰਜ ਹੋਣ ਦੇ ਬਾਅਦ 2018 ਵਿੱਚ ਹੀ ਬਜਿੰਦਰ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਬਜਿੰਦਰ ਨੂੰ ਜੇਲ੍ਹ ਤੋਂ ਜਮਾਨਤ 'ਤੇ ਛੱਡ ਦਿੱਤਾ ਗਿਆ ਸੀ। ਇਸੀ ਮਹੀਨੇ ਦੀ ਸ਼ੁਰੂਆਤ ਵਿੱਚ 3 ਮਾਰਚ ਨੂੰ ਕੋਰਟ ਨੇ ਬਜਿੰਦਰ ਅਤੇ ਹੋਰ 5 ਦੋਸ਼ੀਆਂ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਸਨ।
ਕੋਰਟ ਨੇ 5 ਬਰੀ ਕੀਤੇ, ਬਜਿੰਦਰ ਦੋਸ਼ੀ ਕਰਾਰ
28 ਮਾਰਚ ਨੂੰ ਮੋਹਾਲੀ ਕੋਰਟ ਨੇ ਇਸ ਮਾਮਲੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ। ਜਦਕਿ ਬਾਕੀ 5 ਦੋਸ਼ੀਆਂ, ਪਾਦਰੀ ਜਤਿੰਦਰ ਕੁਮਾਰ ਅਤੇ ਅਕਬਰ ਭੱਟੀ, ਰਾਜੇਸ਼ ਚੌਧਰੀ, ਸਿਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਬਰੀ ਕਰ ਦਿੱਤਾ। ਟ੍ਰਾਇਲ ਦੇ ਦੌਰਾਨ ਇਕ ਦੋਸ਼ੀ ਸੁੱਚਾ ਸਿੰਘ ਦੀ ਮੌਤ ਹੋ ਚੁਕੀ ਸੀ।
ਪੀੜਿਤਾ ਦੇ ਪਤੀ ਦਾ ਦਾਅਵਾ- 5 ਕਰੋੜ ਰੁਪਏ ਦਾ ਆਫਰ ਦਿੱਤਾ
ਇਸ ਮਾਮਲੇ ਵਿੱਚ ਪੀੜਿਤਾ ਦੇ ਪਤੀ ਦਾ ਕਹਿਣਾ ਸੀ ਕਿ ਕੇਸ ਦਰਜ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਦਬਾਉਣ ਲਈ ਬਜਿੰਦਰ ਨੇ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ। ਉਸ 'ਤੇ ਕ੍ਰਾਸ ਕੇਸ ਦਰਜ ਕਰਵਾਏ ਗਏ। ਝੂਠੇ ਕੇਸ ਵੀ ਦਰਜ ਹੋਏ। ਜਿਸ ਕਰਕੇ ਉਸਨੂੰ ਬੁੜੈਲ, ਕਪੂਰਥਲਾ ਦੀ ਜੇਲ੍ਹ ਵਿੱਚ ਰਹਿਣਾ ਪਿਆ। ਇਸ ਦੇ ਬਾਵਜੂਦ ਉਹ ਬਜਿੰਦਰ ਦੇ ਸਾਹਮਣੇ ਨਹੀਂ ਝੁਕੇ। ਜਦੋਂ ਡਰਾਵਾ ਦੇ ਕੇ ਗੱਲ ਨਹੀਂ ਬਣੀ ਤਾਂ ਉਸਨੇ ਪੈਸਿਆਂ ਦਾ ਆਫਰ ਦੇਣਾ ਸ਼ੁਰੂ ਕਰ ਦਿੱਤਾ। ਬਜਿੰਦਰ ਦੇ ਇਕ ਸੀਨੀਅਰ ਅਧਿਕਾਰੀ ਨੇ 5 ਕਰੋੜ ਰੁਪਏ ਦਾ ਆਫਰ ਲੈ ਕੇ ਆਇਆ ਸੀ। ਪਰ, ਅਸੀਂ ਉਸਨੂੰ ਠੁਕਰਾ ਦਿੱਤਾ। ਹੁਣ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਲਵਾਉਣ ਲਈ ਹਾਇਰ ਕੋਰਟ ਵਿੱਚ ਜਾਵਾਂਗੇ।






















