ਅਕਾਲੀ ਦਲ ਨੂੰ ਮੈਦਾਨ 'ਚ ਨਿੱਤਰਦਿਆਂ ਹੀ ਝਟਕਾ! ਦੋ ਉਮੀਦਵਾਰ ਕਸੂਤੇ ਘਿਰੇ
ਯਾਦ ਰਹੇ ਉਸ ਵੇਲੇ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ। ਨਕੋਦਰ ਉਨ੍ਹਾਂ ਅਧੀਨ ਹੀ ਪੈਂਦਾ ਸੀ। ਦਿਲਚਸਪ ਹੈ ਕਿ ਉਸ ਵੇਲੇ ਜਲੰਧਰ ਦੇ ਐਸਐਸਪੀ ਇਜ਼ਹਾਰ ਆਲਮ ਸਨ ਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਚਰਨਜੀਤ ਸਿੰਘ ਅਟਵਾਲ ਉਸ ਵੇਲੇ ਵਿਧਾਨ ਸਭਾ ਦੇ ਸਪੀਕਰ ਸਨ, ਜਿਨ੍ਹਾਂ ਸਾਹਮਣੇ ਇਸ ਮਾਮਲੇ ਦੀ ਜਾਂਚ ਰਿਪੋਰਟ ਰੱਖੀ ਗਈ ਸੀ ਪਰ ਉਸ ਨੂੰ ਜਨਤਕ ਨਹੀਂ ਕੀਤਾ ਗਿਆ। ਅਟਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਅਜਿਹੀ ਕੋਈ ਗੱਲ਼ ਯਾਦ ਨਹੀਂ।
ਹੁਣ ਦੋਵੇਂ ਉਮੀਦਵਾਰ ਇਸ ਮਾਮਲੇ 'ਤੇ ਘਿਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਮਾਮਲਾ ਵਿਰਧੀ ਧਿਰਾਂ ਵੱਲੋਂ ਜ਼ੋਰ-ਸ਼ੋਰ ਨਾਲ ਉਭਾਰਿਆ ਜਾਵੇਗਾ ਜਿਸ ਦਾ ਜਵਾਬ ਅਕਾਲੀ ਦਲ ਵੱਲੋਂ ਦੇਣਾ ਔਖਾ ਹੋਏਗਾ। ਪਤਾ ਲੱਗਾ ਹੈ ਕਿ ਦਰਬਾਰਾ ਸਿੰਘ ਗੁਰੂ ਨੂੰ ਫਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਦੇ ਨਾਲ ਹੀ ਉਨ੍ਹਾਂ ਦਾ ਵਿਰੋਧ ਨਕੋਦਰ ਤੋਂ ਲੈ ਕੇ ਵਿਦੇਸ਼ਾਂ ਤੱਕ ਹੋਣ ਲੱਗ ਪਿਆ ਹੈ।
ਉਧਰ, ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਸੰਕਟ ਵਿਚ ਫਸਿਆ ਹੋਇਆ ਹੈ। ਨਕੋਦਰ ਬੇਅਦਬੀ ਕਾਂਡ ਦੌਰਾਨ ਸ਼ਹੀਦ ਹੋਏ ਚਾਰ ਸਿੱਖਾਂ ਦੇ ਮਾਪਿਆਂ ਤੇ ਸਕੇ ਸਬੰਧੀਆਂ ਨੇ ਦਰਬਾਰਾ ਸਿੰਘ ਗੁਰੂ ਦੇ ਉਮੀਦਵਾਰ ਬਣਨ ਨੂੰ ਉਨ੍ਹਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਦੇ ਤੁੱਲ ਦੱਸਿਆ ਹੈ।
ਯਾਦ ਰਹੇ ਨਕੋਦਰ ਸਾਕੇ ਨਾਲ ਜਾਣੇ ਜਾਂਦੇ ਇਸ ਕਾਂਡ ਵਿਚ ਦੋ ਫਰਵਰੀ 1986 ਨੂੰ ਨਕੋਦਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸੜ ਗਏ ਸਨ। ਇਸ ਘਟਨਾ ਵਿਰੁੱਧ ਚਾਰ ਫਰਵਰੀ 1986 ਨੂੰ ਰੋਸ ਪ੍ਰਗਟਾਉਂਦੇ ਸਿੱਖਾਂ ਉੱਪਰ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਇਸ ਗੋਲੀਕਾਂਡ ’ਚ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਚਲੂਪਰ ਸ਼ਹੀਦ ਹੋਏ ਸਨ।