Vande Bharat ਵੰਦੇ ਭਾਰਤ ਐਕਸਪ੍ਰੈਸ ਨੂੰ ਲੈ ਕੇ 'ਆਪ' ਦੇ ਸਾਂਸਦ ਰਿੰਕੂ ਨੇ ਰੇਲ ਮੰਤਰੀ ਅੱਗੇ ਰੱਖੀ ਆਹ ਮੰਗ
Vande Bharat Express - ਰਿੰਕੂ ਨੇ ਰੇਲ ਮੰਤਰੀ ਕੋਲ ਵੰਦੇ ਭਾਰਤ ਐਕਸਪ੍ਰੈਸ ਦਾ ਜਲੰਧਰ ’ਚ ਸਟਾਪੇਜ਼ ਦੇਣ ਦੀ ਮੰਗ ਰੱਖੀ, ਕਿਹਾ, ਸ਼ਹਿਰ ਤੋਂ ਵੱਡੀ ਗਿਣਤੀ ’ਚ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਹੋਵੇਗਾ ਵੱਡਾ ਲਾਭ
ਜਲੰਧਰ - ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਭਾਰਤੀ ਰੇਲਵੇ ਦੀ ਹਾਈ ਸਪੀਡ ਰੇਲ ਗੱਡੀ ਵੰਦੇ ਭਾਰਤ ਐਕਸਪ੍ਰੈਸ ਦਾ ਜਲੰਧਰ ਵਿਖੇ ਸਟਾਪੇਜ਼ ਦੇਣ ਦੀ ਮੰਗ ਨੂੰ ਲੈ ਕੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵਲੋਂ ਅੱਜ ਸ਼ੁੱਕਰਵਾਰ ਨੂੰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੇ ਇਸ ਰੇਲ ਗੱਡੀ ਦਾ ਜਲੰਧਰ ਵਿਖੇ ਸਟਾਪੇਜ਼ ਦੇਣ ਲਈ ਮੰਗ ਪੱਤਰ ਵੀ ਸੌਪਿਆ ਗਿਆ।
ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਦੂਜੀਆਂ ਰੇਲ ਗੱਡੀਆਂ ਦੇ ਮੁਕਾਬਲੇ ਕਟੜਾ ਬਹੁਤ ਹੀ ਘੱਟ ਸਮੇਂ ਵਿੱਚ ਪਹੁੰਚਦੀ ਹੈ ਅਤੇ ਇਸ ਨਾਲ ਚਾਰ ਘੰਟੇ ਦੇ ਸਮੇਂ ਦੀ ਬੱਚਤ ਹੁੰਦੀ ਹੈ ਉਥੇ ਹੀ ਇਸ ਰੂਟ ਦੀ ਕੋਈ ਵੀ ਰੇਲ ਗੱਡੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਨਹੀਂ ਰੁਕਦੀ ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜਲੰਧਰ ਇਕ ਉਦਯੋਗਿਕ ਸ਼ਹਿਰ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਇਥੋਂ ਮਾਤਾ ਵੈਸ਼ਨੂੰ ਦੇਵੀ ਦਰਸ਼ਨਾਂ ਲਈ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਦਾ ਸਿਰਫ਼ ਲੁਧਿਆਣਾ ਵਿਖੇ ਹੀ ਸਟਾਪ ਹੈ ਇਸ ਲਈ ਜਲੰਧਰ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ ਇਸ ਰੇਲ ਗੱਡੀ ਵਿੱਚ ਸਫ਼ਰ ਕਰਨਾ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਨੂੰ ਜਲੰਧਰ ਵਿਖੇ ਸਟਾਪ ਮਿਲਣ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ ਜੋ ਕਟੜਾ ਤੱਕ ਦਾ ਸਫ਼ਰ ਬਹੁਤ ਹੀ ਘੱਟ ਸਮੇਂ ਵਿੱਚ ਕਰ ਸਕਣਗੇ। ਉਨ੍ਹਾਂ ਕਿਹਾ ਕਿ ਰੇਲ ਮੰਤਰੀ ਵਲੋਂ ਉਨ੍ਹਾਂ ਦੀਆਂ ਸਾਰੀਆਂ ਮੰਗਾਂ ’ਤੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ।
ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵਲੋਂ ਫਿਲੌਰ ਵਿਖੇ ਰੇਲਵੇ ਓਵਰ ਬ੍ਰਿਜ ਦੇ ਨਿਰਮਣ ਦਾ ਮਾਮਲਾ ਰੇਲਵੇ ਮੰਤਰੀ ਅਸ਼ਵਨੀ ਵੈਸ਼ਣਵ ਦੇ ਸਾਹਮਣੇ ਰੱਖਿਆ ਗਿਆ। ਉਨ੍ਹਾਂ ਨੇ ਰੇਲ ਮੰਤਰੀ ਨਾਲ ਮੁਲਾਕਾਤ ਕਰਕੇ ਜਲੰਧਰ ਦੇ ਇਨ੍ਹਾਂ ਦੋਨਾਂ ਫਲਾਈ ਓਵਰਾਂ ਦਾ ਮਾਮਲਾ ਰੱਖਿਆ ਅਤੇ ਰੇਲਵੇ ਵਲੋਂ ਕੀਤੀ ਜਾ ਰਹੀ ਦੇਰੀ ਨੂੰ ਦੂਰ ਕਰਨ ਦੀ ਮੰਗ ਰੱਖੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਫਲਾਈ ਓਵਰਾਂ ਦੇ ਬਣਨ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਜੋ ਕਿ ਟਰੈਫਿਕ ਵਿੱਚ ਫਸ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਫਿਲੌਰ ਵਿਖੇ ਫਾਟਕ ਨੰਬਰ 88 ਉਤੇ ਆਰ.ਓ.ਬੀ. ਬਣਾਉਣਾ ਬਹੁਤ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਇਸ ਰੇਲਵੇ ਯਾਰਡ ਦੇ ਨਜ਼ਦੀਕ ਆਰ.ਓ.ਬੀ. ਬਣਾਉਣ ਲਈ ਪ੍ਰਸਤਾਵ ਪੀ.ਡਬਲਿਓ.ਡੀ. ਅਤੇ ਰੇਲਵੇ ਵਲੋਂ ਤਿਆਰ ਕੀਤਾ ਗਿਆ ਹੈ, ਇਥੇ 408523 ਟਰੈਫਿਕ ਵਹੀਕਲ ਯੂਨਿਟ ਹਨ ਇਸ ਲਈ ਇਥੇ ਆਰ.ਓ.ਬੀ. ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਥੇ ਜਲਦ ਤੋਂ ਜਲਦ ਆਰ.ਓ.ਬੀ. ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਣ ਲਈ ਜਰੂਰੀ ਕਦਮ ਚੁੱਕੇ ਜਾਣ।
ਇਸੇ ਤਰ੍ਹਾਂ ਉਨ੍ਹਾਂ ਨੇ ਪੀ.ਏ.ਪੀ. ਚੌਕ ਦਾ ਮਾਮਲਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਥੇ ਆਰ.ਓ.ਬੀ. ਲਈ ਪ੍ਰਸਤਾਵ ਰੇਲਵੇ ਵਿਭਾਗ ਕੋਲ ਪਿਛਲੇ ਦੋ ਸਾਲਾਂ ਤੋਂ ਪਿਆ ਹੋਇਆ ਹੈ। ਉਨ੍ਹਾਂ ਨੇ ਰੇਲ ਮੰਤਰੀ ਨੂੰ ਕਿਹਾ ਕਿ ਇਸ ਸਬੰਧੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕੇ ਨਵੇਂ ਆਰ.ਓ.ਬੀ. ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਕੇ ਇਸ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਇਸ ਰੁਝੇਵਿਆਂ ਭਰੇ ਚੌਕ ਤੋਂ ਲੰਘਣ ਵਾਲੇ ਲੋਕਾਂ ਨੂੰ ਰਾਹਤ ਮਿਲ ਸਕੇ।
ਉਨ੍ਹਾਂ ਕਿਹਾ ਕਿ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਰਾਮਾ ਮੰਡੀ ਚੌਕ ਤੋਂ ਹੋ ਕੇ ਵਾਪਸ ਪੀ.ਏ.ਪੀ. ਚੌਕ ਆਉਣਾ ਪੈਂਦਾ ਹੈ, ਇਸ ਲਈ ਇਸ ਪੁਲ ਦਾ ਬਣਨਾ ਬੇਹੱਦ ਜਰੂਰੀ ਤਾਂ ਕਿ ਇਥੇ ਵਾਹਨਾਂ ਦੀਆਂ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।