ਪੜਚੋਲ ਕਰੋ
ਆਰਐਸਐਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਰੁਤਬੇ ਨੂੰ ਵੰਗਾਰ

ਚੰਡੀਗੜ੍ਹ: ਬੀਜੇਪੀ ਦੀ ਸਰਪ੍ਰਸਤ ਆਰਐਸਐਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਰੁਤਬੇ ਨੂੰ ਚੁਣੌਤੀ ਦਿੱਤੀ ਹੈ। ਰਾਸ਼ਟਰੀ ਸਵੈਮ ਸੇਵਕ ਦੇ ਸੰਗਠਨ ਰਾਸ਼ਟਰੀ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਇਲਜ਼ਾਮ ਲਾਇਆ ਹੈ ਕਿ ਉਹ ਆਪਣੇ ਸਿਆਸੀ ਹਿੱਤਾਂ ਲਈ ਧਾਰਮਿਕ ਅਸਥਾਨਾਂ ਦੀ ਵਰਤੋਂ ਕਰਦੇ ਹਨ। ਰਾਸ਼ਟਰੀ ਸਿੱਖ ਸੰਗਤ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਕਾਲੀ ਦਲ ਨੇ ਸਿਆਸੀ ਹਿੱਤ ਵਾਸਤੇ ਹੀ ਡੇਰਾ ਸਿਰਸਾ ਮੁਖੀ ਨੂੰ ਰਾਤੋ-ਰਾਤ ਜਥੇਦਾਰਾਂ ’ਤੇ ਦਬਾਅ ਪਾ ਕੇ ਮੁਆਫ਼ੀ ਦਿਵਾ ਦਿੱਤੀ ਸੀ। ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਨੇ ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਬੀਜੇਪੀ ਖ਼ਿਲਾਫ਼ ਦਿੱਤੇ ਬਿਆਨ ’ਤੇ ਇਤਰਾਜ਼ ਜਤਾਉਂਦਿਆਂ ਆਖਿਆ ਕਿ ਸਿਰਸਾ ਨੂੰ ਆਲੋਚਨਾ ਕਰਨ ਦਾ ਕੋਈ ਨੈਤਿਕ ਹੱਕ ਨਹੀਂ। ਉਨ੍ਹਾਂ ਆਖਿਆ ਕਿ ਸਿੱਖ ਮੁੱਦਿਆਂ ’ਤੇ ਕੰਮ ਕਰਨ ਦਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਕੋਲ ਹੀ ਏਕਾਧਿਕਾਰ ਨਹੀਂ। ਉਨ੍ਹਾਂ ਇਲਜ਼ਾਮ ਲਾਇਆ ਕਿ ਅਕਾਲੀ ਦਲ ਨੇ ਹਮੇਸ਼ਾ ਆਪਣੇ ਸਿਆਸੀ ਹਿੱਤਾਂ ਲਈ ਧਾਰਮਿਕ ਅਸਥਾਨਾਂ ਦੀ ਵਰਤੋਂ ਕੀਤੀ ਹੈ। ਅਕਾਲੀ ਸਰਕਾਰ ਹੁੰਦਿਆਂ ਸਿੱਖ ਸੰਸਥਾਵਾਂ ਵਿੱਚ ਦਖ਼ਲ ਸਿਖਰ ’ਤੇ ਸੀ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਾਉਣ ਪਿੱਛੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਿੱਤ ਲੁਕੇ ਹੋਏ ਸਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਰਾਹੀਂ 82 ਲੱਖ ਰੁਪਏ ਦੇ ਇਸ਼ਤਿਹਾਰ ਵੀ ਦਿੱਤੇ ਗਏ, ਜਿਸ ਵਿੱਚ ਉਸ ਨੂੰ ਦਿੱਤੀ ਮੁਆਫ਼ੀ ਜਾਇਜ਼ ਕਰਾਰ ਦਿੱਤੀ ਗਈ। ਤਖ਼ਤ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਨਿਯੁਕਤੀ ਲਈ ਬੀਜੇਪੀ ਸਰਕਾਰ ਦੀ ਦਖ਼ਲਅੰਦਾਜ਼ੀ ਬਾਰੇ ਡਾ. ਸ਼ਾਸਤਰੀ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲਈ ਇਤਰਾਜ਼ ਹੈ, ਕਿਉਂਕਿ ਉਹ ਚੰਗੇ ਗੁਰਸਿੱਖ ਵਿਅਕਤੀਆਂ ਨੂੰ ਪ੍ਰਬੰਧਕੀ ਬੋਰਡ ਵਿਚ ਨਹੀਂ ਆਉਣ ਦੇਣਾ ਚਾਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਏਕਾਧਿਕਾਰ ਕਾਇਮ ਰੱਖਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਦਿੱਲੀ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ’ਤੇ ਆਖਿਆ ਸੀ ਕਿ ਤਖ਼ਤ ਪਟਨਾ ਸਾਹਿਬ ਤੇ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਸਰਕਾਰੀ ਦਖ਼ਲ ਖ਼ਿਲਾਫ਼ ਮਜਬੂਰ ਹੋ ਕੇ ਬੋਲਣਾ ਪਿਆ ਹੈ। ਪਹਿਲਾਂ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵਿੱਚ ਤਿੰਨ ਮੈਂਬਰ ਧੱਕੇ ਨਾਲ ਸ਼ਾਮਲ ਕਰਾਏ ਗਏ ਤੇ ਹੁਣ ਤਖ਼ਤ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਸੰਵਿਧਾਨ ਵਿੱਚ ਸੋਧ ਕਰਕੇ ਆਪਣੀ ਮਰਜ਼ੀ ਦਾ ਪ੍ਰਧਾਨ ਲਾਉਣਾ ਚਾਹੁੰਦੇ ਹਨ ਤਾਂ ਜੋ ਬੋਰਡ ’ਤੇ ਕਬਜ਼ਾ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਜੇਕਰ ਦਖ਼ਲਅੰਦਾਜ਼ੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਲਈ ਇਹ ਗੱਠਜੋੜ, ਕੁਰਸੀਆਂ ਤੇ ਅਹੁਦੇ ਕਿਸੇ ਕੰਮ ਦੇ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















