ਦਿੱਲੀ ਏਅਰਪੋਰਟ ਤਕ ਸੁਪਰ ਲਗਜ਼ਰੀ ਸਰਕਾਰੀ ਵੋਲਵੋ ਬੱਸਾਂ ਚਲਾਉਣਾ ਇਕ ਇਤਹਾਸਿਕ ਫੈਸਲਾ : ਕੁਲਵੰਤ ਸਿੰਘ
ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਜਿਸ ਨੂੰ ਕਿ ਮਾਫੀਆ ਤੰਤਰ ਹੜੱਪ ਰਿਹਾ ਸੀ ਨੂੰ ਮਾਫੀਆ ਦਾ ਲੱਕ ਤੋੜ ਕੇ ਬਚਾਇਆ ਜਾਵੇਗਾ।
ਮੋਹਾਲੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਆਪਣੇ ਇੱਕ ਹੋਰ ਵੱਡੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏਪੰਜਾਬ ਦੀਆਂ ਵੱਖ ਵੱਖ ਥਾਵਾਂ ਤੋਂ ਨਵੀਂ ਦਿੱਲੀ ਏਅਰਪੋਰਟ ਤੱਕ ਸੁਪਰ ਲਗਜ਼ਰੀ ਬੱਸਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਨਾਲ ਟਰਾਂਸਪੋਰਟ ਮਾਫੀਏ ਨੂੰ ਵੱਡੀ ਢਾਹ ਲੱਗੇਗੀ। ਇਹ ਬਿਆਨ ਜਾਰੀ ਕਰਦੇ ਹੋਏ ਆਮ ਪਾਰਟੀ ਦੇ ਮੋਹਾਲੀ ਤੋਂ ਵਿਧਾਇਕ ਸ.ਕੁਲਵੰਤ ਸਿੰਘ ਨੇ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਸਾਡੇ ਐਨ.ਆਰ.ਆਈ ਭਰਾਂਵਾ ਨੂੰ ਕਾਫੀ ਰਾਹਤ ਮਿਲੇਗੀ।
ਇਸ ਨਾਲ ਹੀ ਪੰਜਾਬ ਦੇ ਵਸਨੀਕਾਂ ਲਈ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਦਾ ਸਫਰ ਕਫਾਇਤੀ ਰੇਟਾਂ ਤੇ ਅਰਾਮਦਾਇਕ ਅਤੇ ਆਨੰਦਮਈ ਹੋ ਜਾਵੇਗਾ। ਸ.ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਹਰ ਖੇਤਰ ਵਿੱਚ ਜਨਤਾ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਮਾਫੀਆ ਰਾਜ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਭ ਜਾਣਦੇ ਹਨ ਕਿ ਵੱਡੇ ਪਰਿਵਾਰਾਂ ਦੀਆਂ ਪ੍ਰਾਈਵੇਟ ਬੱਸਾਂ ਲੋਕਾਂ ਤੋਂ ਮਨਮਰਜ਼ੀ ਦਾ ਕਿਰਾਇਆ ਵਸੂਲ ਕੇ ਦਿੱਲੀ ਏਅਰਪੋਰਟ ਤੱਕ ਚਲਦੀਆਂ ਸਨ ਜਦਕਿ ਸਰਕਾਰੀ ਬੱਸਾਂ ਨੂੰ ਇਹ ਇਜ਼ਾਜਤ ਨਹੀਂ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਜਿਸ ਨੂੰ ਕਿ ਮਾਫੀਆ ਤੰਤਰ ਹੜੱਪ ਰਿਹਾ ਸੀ ਨੂੰ ਮਾਫੀਆ ਦਾ ਲੱਕ ਤੋੜ ਕੇ ਬਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਬੀਤੇ ਦਿਨੀਂ ਨਵੀਂ ਐਕਸਾਇਜ਼ ਪਾਲਿਸੀ ਵੀ ਜਾਰੀ ਕੀਤੀ ਗਈ ਹੈ ਜਿਸ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਮਾਫੀਆ ਦਾ ਅੰਤ ਹੋ ਜਾਵੇਗਾ ਅਤੇ ਸਰਕਾਰ ਦਾ ਮਾਲੀਆ ਵਧੇਗਾ।ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਦੇ ਨਵੀਂ ਦਿੱਲੀ ਏਅਰਪੋਰਟ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਚਲਾਉਣ ਦੇ ਫੈਸਲੇ ਨਾਲ ਵੱਡੇ ਘਰਾਣਿਆਂ ਦੀਆਂ ਮਨਮਰਜ਼ੀ ਢੰਗ ਨਾਲ ਚੱਲਦੀਆਂ ਬੱਸਾਂ ਦਾ ਚੱਕਾ ਜਾਮ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਰਕਾਰੀ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਦੇ ਕਿਰਾਏ ਨਾਲੋਂ ਅੱਧੇ ਤੋਂ ਵੀ ਘੱਟ ਹੋਵੇਗਾ ਜਦਕਿ ਸਹੂਲਤਾਂ ਦੁਗਣੀਆਂ ਹੋਣਗੀਆਂ। ਇਸ ਦੇ ਨਾਲ ਹੀ ਕੋਈ ਵੀ ਵਿਅਕਤੀ ਸੋਖੇ ਢੰਗ ਨਾਲ ਘਰ ਬੈਠਿਆਂ ਹੀ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਵੈਬਸਾਈਟਾਂ ਤੋਂ ਆਪਣੀ ਟਿਕਟ ਬੁੱਕ ਕਰਵਾ ਸਕੇਗਾ।