ਪੁਲਿਸ ਨੇ ਹਥਿਆਰਾਂ ਦੀ ਖੇਪ ਸਣੇ ਗੈਂਗਸਟਰ ਕੀਤਾ ਕਾਬੂ
ਰੂਪਨਗਰ ਪੁਲਿਸ ਨੇ ਇੱਕ ਗੈਂਗਰਸਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਇੱਕ ਨਾਮੀ ਵਪਾਰੀ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ।ਇਸ ਗੈਂਗਸਟਰ ਕੋਲੋਂ 4 ਪਿਸਤੌਲ 32 ਬੋਰ, 1 ਦੇਸੀ ਪਿਸਤੌਲ 315 ਬੋਰ, 2 ਦੇਸੀ ਪਿਸਤੌਲ ਬਰਾਮਦ ਕੀਤੇ ਗਏ ਹਨ।
ਰੂਪਨਗਰ: ਰੂਪਨਗਰ ਪੁਲਿਸ ਨੇ ਇੱਕ ਗੈਂਗਰਸਟਰ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਇੱਕ ਨਾਮੀ ਵਪਾਰੀ ਦੇ ਕਤਲ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਇਸ ਗੈਂਗਸਟਰ ਕੋਲੋਂ 4 ਪਿਸਤੌਲ 32 ਬੋਰ, 1 ਦੇਸੀ ਪਿਸਤੌਲ 315 ਬੋਰ, 2 ਦੇਸੀ ਪਿਸਤੌਲ 12 ਬੋਰ ਤੇ 10 ਜਿੰਦਾ ਕਾਰਤੂਸ 32 ਬੋਰ, 2 ਜਿੰਦਾ ਕਾਰਤੂਸ 315 ਬੋਰ ਤੇ 3 ਜਿੰਦਾ ਕਾਰਤੂਸ 12 ਬੋਰ ਬਰਾਮਦ ਕੀਤੇ ਗਏ ਹਨ।
ਸੀਨੀਅਰ ਪੁਲਿਸ ਕਪਤਾਨ ਡਾ: ਸੰਦੀਪ ਕੁਮਾਰ ਗਰਗ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਸੀ ਕਿ ਸਰਵੰਤ ਸਿੰਘ ਉਰਫ਼ ਰਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਸ੍ਰੀ ਗੁਰੂ ਤੇਗ ਬਹਾਦਰ ਨਗਰ ਬਸਤੀ ਨਯਨ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਐਨਸੀਸੀ ਅਕੈਡਮੀ 'ਚ ਆ ਰਿਹਾ ਹੈ।
ਐਸਪੀ ਹਰਵੀਰ ਸਿੰਘ ਅਟਵਾਲ, ਡੀਐਸਪੀ ਜਰਨੈਲ ਸਿੰਘ, ਸੀਆਈਏ ਇੰਚਾਰਜ ਸਤਨਾਮ ਸਿੰਘ ਤੇ ਐਸਆਈ ਬਲਵੀਰ ਸਿੰਘ ਦੀ ਅਗਵਾਈ ਵਿੱਚ ਰੂਪਨਗਰ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਬਰਾਮਦ ਹਥਿਆਰਾਂ ਵਿੱਚ 4 ਪਿਸਤੌਲ 32 ਬੋਰ, 1 ਦੇਸੀ ਪਿਸਤੌਲ 315 ਬੋਰ, 2 ਦੇਸੀ ਪਿਸਤੌਲ 12 ਬੋਰ ਤੇ 10 ਜਿੰਦਾ ਕਾਰਤੂਸ 32 ਬੋਰ, 2 ਜਿੰਦਾ ਕਾਰਤੂਸ 315 ਬੋਰ ਤੇ 3 ਜਿੰਦਾ ਕਾਰਤੂਸ 12 ਬੋਰ ਸ਼ਾਮਲ ਹਨ।
ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਸਰਵੰਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਉਸ ਦੇ ਸਬੰਧ ਗੈਂਗਸਟਰ ਜਗਦੀਪ ਸਿੰਘ ਉਰਫ ਕਾਕਾ ਤੇ ਸੁਖਦੀਪ ਸਿੰਘ ਉਰਫ ਟੋਨੀ ਨਾਲ ਹਨ। ਗਰਗ ਨੇ ਦੱਸਿਆ ਕਿ ਪਟਿਆਲਾ ਜੇਲ 'ਚ ਬੰਦ ਉਕਤ ਗੈਂਗਸਟਰਾਂ ਨੂੰ ਮਾਮਲੇ 'ਚ ਨਾਮਜ਼ਦ ਕਰਕੇ ਪੁੱਛਗਿੱਛ ਲਈ ਪ੍ਰੋਟੈਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ, ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਗੈਂਗਸਟਰ ਜਗਦੀਪ ਸਿੰਘ ਉਰਫ਼ ਕਾਕਾ ਖ਼ਿਲਾਫ਼ ਪਹਿਲਾਂ ਵੀ ਕੋਟਕਪੂਰਾ ਪੰਜਾਬ, ਮੇਰਠ ਯੂਪੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ ਤੇ ਗੈਂਗਸਟਰ ਸੁਖਦੀਪ ਸਿੰਘ ਉਰਫ਼ ਟੋਨੀ ਖ਼ਿਲਾਫ਼ ਕੋਟਕਪੂਰਾ ਪੰਜਾਬ ਤੇ ਮੇਰਠ ਯੂਪੀ ਵਿੱਚ ਵੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ।
ਐਸਐਸਪੀ ਨੇ ਅੱਗੇ ਖੁਲਾਸਾ ਕੀਤਾ ਕਿ ਧਰਮਸ਼ਾਲਾ ਅਸੈਂਬਲੀ ਦੇ ਬਾਹਰ ਹਾਲ ਹੀ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਹਰਬੀਰ ਸਿੰਘ ਨਾਮੀ ਨੌਜਵਾਨ ਨੂੰ ਹਿਮਾਚਲ ਪੁਲਿਸ ਤੇ ਸਾਡੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਰੂਪਨਗਰ ਦੇ ਐਸਪੀ ਦਫ਼ਤਰ ਤੇ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਖਾਲਿਸਤਾਨੀ ਬੈਨਰ ਇਨ੍ਹਾਂ ਨੌਜਵਾਨਾਂ ਨੇ ਹੀ ਲਾਏ ਸਨ।