ਪੜਚੋਲ ਕਰੋ
ਸਿਆਸੀ ਸੰਕਟ 'ਚ ਘਿਰੇ ਅਕਾਲੀ ਦਲ ਦਾ ਟਕਸਾਲੀ ਪੈਂਤੜਾ

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਬੇਅਦਬੀ ਕਾਂਡ ਸਬੰਧੀ ਜਾਂਚ ਰਿਪੋਰਟ ਵਿੱਚ ਆਉਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਪੰਜਾਬ ਵਿੱਚ ਪੈਦਾ ਹੋਏ ਲੋਕ ਰੋਹ ਨੂੰ ਠੱਲ੍ਹਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਕਸਾਲੀ ਲੀਡਰਾਂ ਵਾਲਾ ਹਥਿਆਰ ਵਰਤਿਆ ਹੈ। ਇਸ ਤਹਿਤ ਅੱਜ ਜ਼ਮੀਨੀ ਪੱਧਰ 'ਤੇ ਟਕਸਾਲੀ ਅਕਾਲੀ ਆਗੂਆਂ, ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਗਰਮ ਕਰਨ ਲਈ ਸੱਤ-ਮੈਂਬਰੀ ਕਮੇਟੀ ਬਣਾਈ ਹੈ। ਇਸ ਕਮੇਟੀ ਦੀ ਅਗਵਾਈ ਪਾਰਟੀ ਦੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਰਨਗੇ। ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ, ਸੇਵਾ ਸਿੰਘ ਸੇਖਵਾਂ, ਚਰਨਜੀਤ ਸਿੰਘ ਅਟਵਾਲ, ਤੋਤਾ ਸਿੰਘ ਤੇ ਬੀਬੀ ਜੰਗੀਰ ਕੌਰ ਸ਼ਾਮਲ ਹਨ। ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਹਰਚਰਨ ਬੈਂਸ ਨੇ ਦੱਸਿਆ ਕਿ ਇਹ ਉਪਰਾਲਾ ਪਾਰਟੀ ਦੀ ਰੂਹ ਤੇ ਰੀੜ ਦੀ ਹੱਡੀ ਮੰਨੇ ਜਾਂਦੇ ਪੁਰਾਣੇ ਅਕਾਲੀ ਯੋਧਿਆਂ ਤੇ ਟਕਸਾਲੀ ਅਕਾਲੀ ਵਰਕਰਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਲਈ ਕੀਤਾ ਜਾ ਰਿਹਾ ਹੈ। ਪਾਰਟੀ ਰਾਜ ਭਰ ਵਿੱਚ ਜ਼ਮੀਨੀ ਪੱਧਰ ਉੱਤੇ ਜਾ ਕੇ ਟਕਸਾਲੀ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਬਣਾਏਗੀ। ਸਥਾਨਕ ਵਰਕਰਾਂ ਤੇ ਆਗੂਆਂ ਤੋਂ ਫੀਡਬੈਕ ਲੈਣ ਤੋਂ ਇਲਾਵਾ, ਕਮੇਟੀ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣੇਗੀ ਤੇ ਜਿੱਥੇ ਵੀ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਨੂੰ ਹੱਲ ਕਰੇਗੀ। ਇਸ ਤਰ੍ਹਾਂ ਕਮੇਟੀ ਵੱਲੋਂ ਟਕਸਾਲੀ ਅਕਾਲੀ ਵਰਕਰਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ, ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸਨਮਾਨਤ ਕੀਤਾ ਜਾਵੇਗਾ। ਇਹ ਕਮੇਟੀ ਟਕਸਾਲੀ ਅਕਾਲੀ ਯੋਧਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਪਾਰਟੀ ਵਿੱਚ ਪਾਏ ਯੋਗਦਾਨ ਸਬੰਧੀ ਅੰਕੜੇ ਇਕੱਤਰ ਕਰਕੇ ਦਸਤਾਵੇਜ਼ ਤਿਆਰ ਕਰੇਗੀ। ਪਾਰਟੀ ਵੱਲੋਂ ਅਤੀਤ ਵਿੱਚ ਚਲਾਏ ਧਰਮ ਯੁੱਧ ਮੋਰਚੇ ਵਰਗੇ ਅੰਦੋਲਨਾਂ ਦੌਰਾਨ ਇਨ੍ਹਾਂ ਟਕਸਾਲੀ ਯੋਧਿਆਂ ਵੱਲੋਂ ਖਾਲਸਾ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੀਤੀਆਂ ਕੁਰਬਾਨੀਆਂ ਉੱਤੇ ਵਿਸ਼ੇਸ਼ ਰੂਪ ਵਿੱਚ ਚਾਨਣਾ ਪਾਇਆ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















