ਪੜਚੋਲ ਕਰੋ
ਪੰਜਾਬ ਦੇ ਉਜਾੜੇ ਲਈ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ !

ਚੰਡੀਗੜ੍ਹ: ਸਿੱਖ ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਪੰਜਾਬ ਤੇ ਸਿੱਖ ਸਮਾਜ ਵਿੱਚ ਪੈਦਾ ਹੋਈਆਂ ਆਰਥਿਕ, ਸਮਾਜਿਕ ਤੇ ਧਾਰਮਿਕ ਸਮੱਸਿਆਵਾਂ ਲਈ ਅਕਾਲੀ ਲੀਡਰਸ਼ਿਪ ਜ਼ਿੰਮੇਵਾਰ ਹੈ। ਸਿੱਖ ਬੁੱਧੀਜੀਵੀਆਂ ਨੇ ਇੱਕ ਆਵਾਜ਼ ਵਿੱਚ ਕਿਹਾ ਕਿ ਅਜਿਹੀ ਮੌਕਾਪ੍ਰਸਤ ਲੀਡਰਸ਼ਿਪ ਵੱਲੋਂ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਲਈ ਅੰਨ੍ਹੇਵਾਹ ਸ਼ਹਿਰੀਕਰਨ ਦੇ ਵਿਕਾਸ ਦਾ ਮਾਡਲ ਚੁਣਨ, ਪੜ੍ਹੀ-ਲਿਖੀ ਨੌਜੁਆਨ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਖਤਮ ਕਰਨ, ਨਿੱਜੀ ਸਿਆਸੀ ਮੁਫਾਦ ਲਈ ਸਿੱਖ ਗੁਰਦੁਆਰਿਆਂ ਦੀ ਦੌਲਤ ਤੇ ਸਾਧਨਾਂ ਦੀ ਕਥਿਤ ਦੁਰਵਰਤੋਂ ਕਰਨ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਸਿਆਸੀਕਰਨ ਕਰਨ, ਸਿੱਖ ਤਖਤਾਂ ’ਤੇ ‘ਆਪਣੇ’ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ, ਸਜ਼ਾ ਭੁਗਤ ਚੁੱਕੇ ਸਿੱਖ ਨੌਜੁਆਨਾਂ ਦੀ ਰਿਹਾਈ ਦੀ ਮੰਗ ਨਾ ਮਨਵਾਉਣ ਸਣੇ ਪੰਜਾਬ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਧੱਕਿਆ ਗਿਆ। ਦਰਅਸਲ ਐਤਵਾਰ ਨੂੰ ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਚੰਡੀਗੜ੍ਹ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪਹਿਲੇ ਸੈਸ਼ਨ ਦੌਰਾਨ ਸਿੱਖ ਬੁੱਧੀਜੀਵੀਆਂ ਨੇ ਮੌਜੂਦਾ ‘ਸੰਕਟਗ੍ਰਸਤ’ ਸਿੱਖ ਸਮਾਜ ਵਿੱਚ ਸਿੱਖ ਬੁੱਧੀਜੀਵੀਆਂ ਦੀ ਭੂਮਿਕਾ ’ਤੇ ਚਰਚਾ ਕੀਤੀ। ਇਸ ਮੌਕੇ ਵਿਦੇਸ਼ ਮੰਤਰਾਲੇ ਦੇ ਸਾਬਕਾ ਸਕੱਤਰ ਕੇਸੀ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐਸਜੀਪੀਸੀ ਤੇ ਅਕਾਲ ਤਖ਼ਤ ਸਾਹਿਬ ਜਿਹੀਆਂ ਧਾਰਮਿਕ ਸੰਸਥਾਵਾਂ ਨੂੰ ਸਿਆਸਤ ਦੀ ਗ੍ਰਿਫ਼ਤ ਵਿਚੋਂ ਕੱਢਣਾ ਸਮੇਂ ਦੀ ਮੰਗ ਹੈ। ਸੈਮੀਨਾਰ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ, ਸੇਵਾਮੁਕਤ ਆਈਏਐੱਸ ਅਧਿਕਾਰੀ ਗੁਰਜੀਤ ਸਿੰਘ ਚੀਮਾ, ਇਤਿਹਾਸਕਾਰ ਸੁਮੇਲ ਸਿੰਘ ਸਿੱਧੂ, ਬੀਰ ਦਵਿੰਦਰ ਸਿੰਘ ਤੇ ਹੋਰ ਬੁੱਧੀਜੀਵੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕੁੰਜੀਵਤ ਭਾਸ਼ਣ ਵਿਚ ਸੈਮੀਨਾਰ ਦੇ ਕਨਵੀਨਰ ਜਸਪਾਲ ਸਿੰਘ ਸਿੱਧੂ ਨੇ ਭਾਰਤੀ ਸਟੇਟ ਵੱਲੋਂ ਸਿੱਖ ਧਰਮ ਨੂੰ ਸੰਵਿਧਾਨ ਦੀ ਧਾਰਾ 25 (2) ਅਧੀਨ ਹਿੰਦੂ ਧਰਮ ਨਾਲ ਰਲਗੱਡ ਕਰਕੇ ਸਿੱਖ ਧਰਮ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ, ਪਾਣੀਆਂ ਦੀ ਕਾਣੀ ਵੰਡ ਕਰਕੇ ਪੰਜਾਬ ਨੂੰ ਵੱਡੇ ਉਦਯੋਗਾਂ ਤੋਂ ਵਾਂਝਾ ਕਰ ਕੇ ਹਰ ਤਰ੍ਹਾਂ ਦੇ ਵਿਤਕਰੇ ਦਾ ਸ਼ਿਕਾਰ ਕਰਨ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਦਲ ’ਤੇ ਪੰਜਾਬ ਤੇ ਸਿੱਖ ਹੱਕਾਂ ਦੀ ਰਾਖੀ ਨਾ ਕਰਨ ਦੇ ਦੋਸ਼ ਲਾਏ। ਡਾਕਟਰ ਸਵਰਾਜ ਸਿੰਘ ਨੇ ਆਪਣੇ ਪਰਚੇ ਵਿਚ ਸਿੱਖ ਸਮਾਜ ਵਿਚੋਂ ਸਿੱਖ ਮੂਲਤਾਵਾਂ, ਸਰੂਪ ਤੇ ਸੱਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਲੱਗ ਰਹੇ ਖੋਰੇ ਤੇ ਨੈਤਿਕ ਗਿਰਾਵਟ ਵੱਲ ਸਰੋਤਿਆਂ ਦਾ ਧਿਆਨ ਖਿੱਚਿਆ। ਸੀਨੀਅਰ ਪੱਤਰਕਾਰ ਪੀ ਪੀਐਸ ਗਿੱਲ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਪੰਜਾਬ ਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਅਕਾਲੀ ਲੀਡਰਸ਼ਿਪ ’ਤੇ ਸਿੱਖ ਕੌਮ ਦੀਆਂ ਸ਼੍ਰੋਮਣੀ ਕਮੇਟੀਆਂ ਵਰਗੀਆਂ ਸਿਰਮੌਰ ਸੰਸਥਾਵਾਂ ਨੂੰ ਕਥਿਤ ਤੌਰ ’ਤੇ ਤਹਿਸ-ਨਹਿਸ ਕਰਨ ਦੇ ਦੋਸ਼ ਲਾਏ। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਸਿੱਖ ਸਮਾਜ ਨੂੰ ਸਿੱਖ ਬੁੱਧੀਜੀਵੀਆਂ ਵੱਲੋਂ ਸਹੀ ਸੇਧ ਦੇਣ ਦੀ ਨਸੀਹਤ ਦਿੱਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















