ਸਾਧੂ ਸਿੰਘ ਧਰਮਸੋਤ ਲਗਾਤਾਰ 5 ਸਾਲ ਰਿਸ਼ਵਤ ਲੈ ਕੇ ਕਰਵਾ ਰਿਹਾ ਸੀ ਰੁੱਖਾਂ ਦੀ ਕਟਾਈ : ਡਾ. ਅਜੈ ਗੁਪਤਾ
AAP ਦੇ ਵਿਧਾਇਕ ਡਾ. ਅਜੈ ਗੁਪਤਾ ਨੇ ਪੰਜਾਬ ਦੇ ਸਾਬਕਾ ਕੈਬਨਿਟ ਵਜੀਰ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਮਗਰੋਂ ਵੱਡਾ ਦਾਅਵਾ ਕੀਤਾ ਹੈ। ਵਿਧਾਇਕ ਡਾ. ਅਜੈ ਗੁਪਤਾ ਨੇ ਕਿਹਾ ਕਿ ਧਰਮਸੋਤ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ,
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੈ ਗੁਪਤਾ ਨੇ ਪੰਜਾਬ ਦੇ ਸਾਬਕਾ ਕੈਬਨਿਟ ਵਜੀਰ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਮਗਰੋਂ ਵੱਡਾ ਦਾਅਵਾ ਕੀਤਾ ਹੈ। ਵਿਧਾਇਕ ਡਾ. ਅਜੈ ਗੁਪਤਾ ਨੇ ਕਿਹਾ ਕਿ ਧਰਮਸੋਤ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਨੇ ਸਕਾਲਰਸ਼ਿਪ ਘੁਟਾਲੇ ਤੋਂ ਲੈ ਕੇ ਜੰਗਲਾਤ ਵਿਭਾਗ 'ਚ ਕਈ ਤਰ੍ਹਾਂ ਦੇ ਘਪਲੇ ਕੀਤੇ ਹਨ।
ਉਨ੍ਹਾਂ ਨੇ ਕਿਹਾ ਕਿ 500-500 ਰੁਪਏ ਲੈ ਕੇ ਦਰੱਖਤ ਕਟਵਾਏ ਗਏ। ਇੱਕ ਪਾਸੇ ਦੁਨੀਆਂ 'ਚ ਵਧ ਰਹੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਰੁੱਖ ਲਾਏ ਜਾ ਰਹੇ ਹਨ ਤੇ ਦੂਜੇ ਪਾਸੇ ਧਰਮਸੋਤ ਰੁੱਖਾਂ ਦੀ ਕਟਾਈ ਰਿਸ਼ਵਤ ਲੈ ਕੇ ਕਰਵਾ ਰਿਹਾ ਸੀ। ਗੁਪਤਾ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਫੀਸਦੀ ਕਮਿਸ਼ਨ ਦਾ ਪਤਾ ਲੱਗਣ 'ਤੇ ਆਪਣੇ ਮੰਤਰੀ ਨੂੰ ਬਰਖਾਸਤ ਕਰਕੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਦੂਜੇ ਪਾਸੇ ਧਰਮਸੋਤ ਵਰਗੇ ਮੰਤਰੀ ਪੰਜ ਸਾਲ ਕਰੱਪਸ਼ਨ ਕਰਦੇ ਰਹੇ।
ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ ਅੱਜ ਸਵੇਰੇ ਤਿੰਨ ਵਜੇ ਸਾਧੂ ਸਿੰਘ ਧਰਮਸੋਤ ਤੇ ਉਸ ਦੇ ਦੋ ਸਾਥੀਆਂ ਨੂੰ ਅਮਲੋਹ ਤੋਂ ਚੁੱਕਿਆ ਹੈ। ਧਰਮਸੋਤ 'ਤੇ ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦਾ ਦੋਸ਼ ਹੈ। ਵਿਜੀਲੈਂਸ ਬਿਊਰੋ ਨੇ ਮੋਹਾਲੀ ਦੇ ਕੁਝ ਜੰਗਲਾਤ ਅਫਸਰਾਂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਸੀ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਧਰਮਸੋਤ ਦਰੱਖਤ ਕੱਟਣ ਲਈ 500 ਰੁਪਏ ਰਿਸ਼ਵਤ ਲੈਂਦਾ ਸੀ। ਇਸ ਤੋਂ ਇਲਾਵਾ ਨਵੇਂ ਰੁੱਖ ਲਗਾਉਣ ਲਈ ਵੀ ਰਿਸ਼ਵਤ ਲਈ ਗਈ। ਜਿਸ ਦਾ ਹਿੱਸਾ ਵੀ ਸਿੱਧਾ ਤਤਕਾਲੀ ਮੰਤਰੀ ਧਰਮਸੋਤ ਕੋਲ ਗਿਆ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਘਿਰੇ ਧਰਮਸੋਤ
ਸਾਧੂ ਸਿੰਘ ਧਰਮਸੋਤ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਘਿਰੇ ਹੋਏ ਰਹੇ ਹਨ। ਉਨ੍ਹਾਂ ਦੇ ਸਮਾਜਿਕ ਸੁਰੱਖਿਆ ਮੰਤਰੀ ਦੇ ਕਾਰਜਕਾਲ ਦੌਰਾਨ ਦੋਸ਼ ਲੱਗੇ ਸਨ ਕਿ ਵਜ਼ੀਫੇ ਦਾ ਪੈਸਾ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਗਲਤ ਤਰੀਕੇ ਨਾਲ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਸ ਦੇ ਬਾਵਜੂਦ ਤਤਕਾਲੀ ਕੈਪਟਨ ਸਰਕਾਰ ਨੇ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ।