ਸੰਗਰੂਰ ਤੇ ਬਰਨਾਲਾ 'ਚ ਦਲਿਤ ਵਿਦਿਆਰਥੀਆਂ ਲਈ ਬਣਨਗੇ ਸਰਕਾਰੀ ਹੋਸਟਲ, ਅਪਾਹਜਾਂ ਲਈ ਵੀ ਐਲਾਨ
ਮਾਨ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲੇ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ 'ਚ ਦਲਿਤ ਵਿਦਿਆਰਥੀਆਂ ਲਈ 2 ਸਰਕਾਰੀ ਹੋਸਟਲ ਬਣਾਉਣ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ ਹੈ। ਇਹ ਹੋਸਟਲ ਇਲਾਕੇ ਦੇ ਦਲਿਤ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣਗੇ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਸੰਗਰੂਰ ਤੇ ਬਰਨਾਲਾ 'ਚ ਦਲਿਤ ਵਿਦਿਆਰਥੀਆਂ ਲਈ ਸਰਕਾਰੀ ਹੋਸਟਲ ਬਣਾਉਣਗੇ। ਭਗਵੰਤ ਮਾਨ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਿੱਲੀ 'ਚ ਕੇਂਦਰੀ ਸਮਾਜਿਕ-ਨਿਆਂ ਤੇ ਸ਼ਸਕਤੀਕਰਨ ਮੰਤਰੀ ਥਾਵਰ ਚੰਦ ਗਹਿਲੋਤ ਤੇ ਰਾਜ ਮੰਤਰੀ ਰਤਨ ਲਾਲ ਕਟਾਰੀਆ ਨਾਲ ਮੁਲਾਕਾਤ ਕਰਕੇ ਦਲਿਤ ਵਿਦਿਆਰਥੀਆਂ ਤੇ ਅਪਾਹਜ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਹੈ।
ਮਾਨ ਨੇ ਦੱਸਿਆ ਕਿ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲੇ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ 'ਚ ਦਲਿਤ ਵਿਦਿਆਰਥੀਆਂ ਲਈ 2 ਸਰਕਾਰੀ ਹੋਸਟਲ ਬਣਾਉਣ ਦੀ ਤਜਵੀਜ਼ ਨੂੰ ਸਵੀਕਾਰ ਕਰ ਲਿਆ ਹੈ। ਇਹ ਹੋਸਟਲ ਇਲਾਕੇ ਦੇ ਦਲਿਤ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁੱਢਲੀ ਉਪਚਾਰਿਕਤਾ ਪੂਰੀ ਕਰਕੇ ਇਸ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਮਾਨ ਨੇ ਦੋਵੇਂ ਮੰਤਰੀਆਂ ਨਾਲ ਅਪਾਹਜ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਦਰਪੇਸ਼ ਦਿੱਕਤਾਂ ਵੀ ਸਾਂਝੀਆਂ ਕੀਤੀਆਂ, ਜਿਸ 'ਤੇ ਪਹਿਲੇ ਪੜਾਅ 'ਚ ਬੈਟਰੀ ਨਾਲ ਚੱਲਣ ਵਾਲੀਆਂ 150 ਵ੍ਹੀਲ ਚੇਅਰਾਂ ਲੋਕ ਸਭਾ ਹਲਕਾ ਸੰਗਰੂਰ ਨੂੰ ਮਿਲ ਰਹੀਆਂ ਹਨ। ਪ੍ਰਤੀ ਵ੍ਹੀਲ ਚੇਅਰ ਲਈ ਐਮਪੀ ਕੋਟੇ (ਐਮਪੀਐਲਏਡੀ) ਦੇ ਫ਼ੰਡ 'ਚੋਂ 12 ਹਜ਼ਾਰ ਦਿੱਤੇ ਜਾਣਗੇ ਤੇ ਬਾਕੀ ਹਿੱਸੇ ਕੇਂਦਰ ਸਰਕਾਰ ਵੱਲੋਂ ਪਾਇਆ ਜਾਵੇਗਾ।
ਇਸ ਤੋਂ ਇਲਾਵਾ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਸੰਗਰੂਰ 'ਚ ਕੈਂਪ ਲਾ ਕੇ ਲੋੜਵੰਦਾਂ ਨੂੰ ਕੰਨਾਂ ਵਾਲੀਆਂ ਮਸ਼ੀਨਾਂ ਤੇ ਐਨਕਾਂ ਵੀ ਮੁਹੱਈਆ ਕੀਤੀਆਂ ਜਾਣਗੀਆਂ। ਮਾਨ ਨੇ ਤਜਵੀਜ਼ਾਂ ਮੰਨੇ ਜਾਣ 'ਤੇ ਕੇਂਦਰੀ ਕੈਬਨਿਟ ਮੰਤਰੀ ਥਾਵਰ ਚੰਦ ਗਹਿਲੋਤ ਤੇ ਰਾਜ ਮੰਤਰੀ ਰਤਨ ਲਾਲ ਕਟਾਰੀਆ ਦਾ ਧੰਨਵਾਦ ਕੀਤਾ।