Sangrur By election Result 2022: ਆਮ ਆਦਮੀ ਪਾਰਟੀ ਲਈ ਵੱਡੀ ਨਿਮੋਸ਼ੀ, ਸੀਐਮ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਵੀ ਸਿਮਰਨਜੀਤ ਮਾਨ ਜਿੱਤੇ
ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਅਜੇ ਚੱਲ ਰਹੀ ਹੈ। ਮੁੱਢਲੇ ਰੁਝਾਨਾਂ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਰਿਹਾ
Sangrur By election Result 2022: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਨਿਮੋਸ਼ੀ ਸਹਿਣੀ ਪਈ ਹੈ। ਹੋਰ ਤਾਂ ਹੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਲੀਡ ਮਿਲੀ ਹੈ।
ਦੱਸ ਦਈਏ ਕਿ ਸੰਗਰੂਰ ਜ਼ਿਮਨੀ ਚੋਣ ਲਈ ਹੋਈ ਵੋਟਿੰਗ ਦੀ ਗਿਣਤੀ ਅਜੇ ਚੱਲ ਰਹੀ ਹੈ। ਮੁੱਢਲੇ ਰੁਝਾਨਾਂ 'ਚ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਵਿਚ ਫਸਵਾਂ ਮੁਕਾਬਲਾ ਰਿਹਾ ਪਰ ਮਾਨ ਨੇ ਸ਼ੁਰੂ ਤੋਂ ਹੀ ਲੀਡ ਬਰਕਰਾਰ ਰੱਖੀ।
ਉਧਰ, ਰੁਝਾਨਾਂ ਵਿੱਚ ਜਿੱਤ ਦੇ ਬਣ ਰਹੇ ਆਸਾਰ ਵੇਖ ਕੇ ਸਿਮਰਨਜੀਤ ਸਿੰਘ ਮਾਨ ਨੇ ਦੁਪਹਿਰ 2 ਵਜੇ ਪ੍ਰੈੱਸ ਕਾਨਫ਼ਰੰਸ ਸੱਦ ਲਈ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਅੱਜ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਵੱਕਾਰ ਦਾ ਸਵਾਲ ਸੀ ਕਿਉਂਕਿ ਤਿੰਨ ਮਹੀਨੇ ਪਹਿਲਾਂ ਪਾਰਟੀ ਨੇ ਵੱਡੀ ਜਿੱਤ ਹਾਸਲ ਕਰਦਿਆਂ ਪੰਜਾਬ ਵਿੱਚ ਸਰਕਾਰ ਬਣਾਈ ਹੈ।
ਦੱਸ ਦਈਏ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਹੈ। ਕਈ ਸਾਲਾਂ ਤੋਂ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਵੱਡੀ ਬਾਜ਼ੀ ਮਾਰੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ 7000 ਤੋਂ ਵੱਧ ਵੋਟਾਂ ਨਾਲ ਜਿੱਤਦੇ ਨਜ਼ਰ ਆ ਰਹੇ ਹਨ। ਅਜੇ ਤੱਕ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ਉੱਪਰ ਨਤੀਜੇ ਦਾ ਐਲਾਨ ਨਹੀਂ ਕੀਤਾ।
ਵੋਟਾਂ ਦੀ ਗਿਣਤੀ ਲੱਗਪਗ ਪੂਰੀ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਨੂੰ 250174 ਵੋਟ ਮਿਲੇ ਹਨ। ਦੂਜੇ ਨੰਬਰ ਉੱਪਰ ਆਮ ਆਦਮੀ ਪਾਰਟੀ ਹੈ। 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 243122 ਵੋਟ ਮਿਲੇ ਹਨ। ਖਾਸ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਨੂੰ 43871 ਵੋਟ ਹੀ ਮਿਲੇ ਹਨ। ਇਸ ਤੋਂ ਇਲਾਵਾ ਬੀਜੇਪੀ ਨੂੰ 65885 ਤੇ ਕਾਂਗਰਸ ਨੂੰ 78844 ਵੋਟ ਮਿਲੇ ਹਨ।