ਸਕੂਲ ਬੱਸ ਪਲਟਣ ਦਾ ਮਾਮਲਾ: ਡਰਾਈਵਰ ਦੀ ਗ੍ਰਿਫ਼ਤਾਰੀ ਖਿਲਾਫ ਪਰਿਵਾਰ ਵਾਲਿਆਂ ਵੱਲੋਂ ਬਟਾਲਾ 'ਚ ਚੱਕਾ ਜਾਮ
ਬੀਤੇ ਕੁਝ ਦਿਨ ਪਹਿਲਾਂ ਬਟਾਲਾ (Batala) ਨੇੜੇ ਪਿੰਡ ਬਿਜਲੀਵਾਲ 'ਚ ਇੱਕ ਪ੍ਰਾਈਵੇਟ ਸਕੂਲ ਬੱਸ ਕਿਸਾਨ ਵੱਲੋਂ ਨਾੜ ਨੂੰ ਲਾਈ ਅੱਗ ਦੀ ਲਪੇਟ 'ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਦੌਰਾਨ ਇਸ ਸਕੂਲ ਬੱਸ 'ਚ ਸਵਾਰ 7 ਬੱਚੇ ਝੁਲਸ ਗਏ ਸਨ।
ਬਟਾਲਾ: ਬੀਤੇ ਕੁਝ ਦਿਨ ਪਹਿਲਾਂ ਬਟਾਲਾ (Batala) ਨੇੜੇ ਪਿੰਡ ਬਿਜਲੀਵਾਲ 'ਚ ਇੱਕ ਪ੍ਰਾਈਵੇਟ ਸਕੂਲ ਬੱਸ ਕਿਸਾਨ ਵੱਲੋਂ ਨਾੜ ਨੂੰ ਲਾਈ ਅੱਗ ਦੀ ਲਪੇਟ 'ਚ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਦੌਰਾਨ ਇਸ ਸਕੂਲ ਬੱਸ 'ਚ ਸਵਾਰ 7 ਬੱਚੇ ਝੁਲਸ ਗਏ ਸਨ। ਉੱਥੇ ਹੀ ਬਟਾਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੱਸ ਡਰਾਈਵਰ ਸਮੇਤ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਬੱਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਬੱਸ ਡਰਾਈਵਰ ਨੂੰ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਅੱਜ ਉਸ ਦੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਬਟਾਲਾ 'ਚ ਅੰਮ੍ਰਿਤਸਰ-ਗੁਰਦਾਸਪੁਰ ਮੁੱਖ ਮਾਰਗ 'ਤੇ ਚੱਕਾ ਜਾਮ ਕਰਕੇ ਬਟਾਲਾ ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਹਨ। ਉੱਥੇ ਹੀ ਧਰਨੇ 'ਤੇ ਬੈਠੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਕਰੀਬ ਇੱਕ ਘੰਟਾ ਸੜਕ ਜਾਮ ਕਰਕੇ ਪੁਲਿਸ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਗ੍ਰਿਫਤਾਰ ਬੱਸ ਡਰਾਈਵਰ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦਾ ਬੇਟਾ ਜਗਪ੍ਰੀਤ ਸਿੰਘ ਜੋ ਬੱਸ ਡਰਾਈਵਰ ਸੀ, ਉਸ ਵੱਲੋਂ ਹਾਦਸੇ ਦੇ ਦੌਰਾਨ ਸਾਰੇ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਗਿਆ ਤੇ ਬਚਾਇਆ ਗਿਆ। ਜੇਕਰ ਉਹ ਬੱਚਿਆਂ ਨੂੰ ਬਾਹਰ ਨਾ ਕੱਢਦਾ ਤੇ ਹੋਰਨਾਂ ਐਸੇ ਹਾਦਸਿਆਂ ਵਾਂਗ ਉੱਥੇ ਬੱਸ ਛੱਡ ਕੇ ਫਰਾਰ ਹੋ ਜਾਂਦਾ ਤਾਂ ਵੱਡਾ ਹਾਦਸਾ ਹੋਣਾ ਸੀ ਤੇ ਇੱਥੋਂ ਤਕ ਕਿ ਉਹ ਖੁਦ ਜ਼ਖਮੀ ਸੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਵੱਲੋਂ ਨਾੜ ਨੂੰ ਅੱਗ ਲਾਈ ਗਈ ਸੀ, ਪੁਲਿਸ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਡਰਾਈਵਰ ਜਗਪ੍ਰੀਤ 'ਤੇ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਉਧਰ, ਪੁਲਿਸ ਜ਼ਿਲ੍ਹਾ ਬਟਾਲਾ ਦੇ ਡੀਐਸਪੀ ਦੇਵ ਸਿੰਘ ਵੱਲੋਂ ਇਸ ਕੇਸ 'ਚ ਜਾਂਚ ਕਰਨ ਦਾ ਭਰੋਸਾ ਦਿੰਦੇ ਹੋਏ ਇਹ ਧਰਨਾ ਖਤਮ ਕਰਵਾਇਆ ਗਿਆ। ਉੱਥੇ ਹੀ ਡੀਐਸਪੀ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਸ ਹਾਦਸੇ ਨੂੰ ਲੈ ਕੇ ਕਾਰਵਾਈ ਕਰਦੇ ਹੋਏ 304 ਆਈਪੀਸੀ ਤਹਿਤ ਡਰਾਈਵਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਪਰ ਡਰਾਈਵਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਨੇ ਉਸ ਹਾਦਸੇ 'ਚ ਬੱਚਿਆਂ ਦੀ ਜਾਨ ਬਚਾਈ ਸੀ ਤੇ ਇਸ ਮਾਮਲੇ 'ਚ ਗੰਭੀਰਤਾ ਨਾਲ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ ਤੇ ਉਸ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਵੇਗੀ।