ਸ਼੍ਰੋਮਣੀ ਕਮੇਟੀ ਦਾ ਇਸ ਸਾਲ ਲਈ 11.38 ਅਰਬ ਦਾ ਬਜਟ, ਜਾਣੋ ਕਿੱਥੇ-ਕਿੱਥੇ ਖਰਚਿਆ ਜਾਏਗਾ ਪੈਸਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2023-24 ਲਈ ਅਨੁਮਾਨਤ 1138 ਕਰੋੜ 14 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਹੈ। ਇਹ ਰਕਮ ਪਿਛਲੇ ਸਾਲ ਦੇ ਬਜਟ 988 ਕਰੋੜ ਰੁਪਏ ਨਾਲੋਂ 17 ਫੀਸਦ ਵੱਧ ਹੈ।
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਸਾਲ 2023-24 ਲਈ ਅਨੁਮਾਨਤ 1138 ਕਰੋੜ 14 ਲੱਖ ਰੁਪਏ ਦਾ ਸਾਲਾਨਾ ਬਜਟ ਪਾਸ ਕਰ ਦਿੱਤਾ ਹੈ। ਇਹ ਰਕਮ ਪਿਛਲੇ ਸਾਲ ਦੇ ਬਜਟ 988 ਕਰੋੜ ਰੁਪਏ ਨਾਲੋਂ 17 ਫੀਸਦ ਵੱਧ ਹੈ। ਕਮੇਟੀ ਨੂੰ ਬਜਟ ਵਿੱਚ ਲਗਪਗ 32 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਹੈ।
ਐਤਕੀਂ ਬਜਟ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਵੱਲ ਵਧੇਰੇ ਤਰਜੀਹ ਦਿੱਤੀ ਗਈ ਹੈ। ਸਿੱਖ ਸੰਸਥਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਹਰਿਆਣਾ ਦੇ ਗੁਰਦੁਆਰਿਆਂ ਦਾ ਬਜਟ ਮੁੱਖ ਬਜਟ ਵਿਚੋਂ ਮਨਫੀ ਹੈ। ਹਾਲਾਂਕਿ ਹਰਿਆਣਾ ਦੇ ਗੁਰਦੁਆਰਿਆਂ ਲਈ ਲਗਪਗ 57 ਕਰੋੜ ਰੁਪਏ ਦਾ ਇਕ ਵੱਖਰਾ ਅਨੁਮਾਨਤ ਬਜਟ ਰਾਖਵਾਂ ਰੱਖਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ। ਆਪਣੇ ਬਜਟ ਭਾਸ਼ਣ ਵਿੱਚ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਦੀ ਹੋਣ ਵਾਲੀ ਆਮਦਨ ਤੇ ਖਰਚਿਆਂ ਦੇ ਵੇਰਵੇ ਸਾਂਝੇ ਕਰਦਿਆਂ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਦਾ ਖੁਲਾਸਾ ਕੀਤਾ। ਐਤਕੀਂ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡ ਅਕਾਰੀ ਸਕਰੀਨ ’ਤੇ ਨਾਲੋ-ਨਾਲ ਬਜਟ ਦੇ ਅੰਕੜੇ ਵੀ ਜਾਰੀ ਕੀਤੇ ਗਏ।
ਸਿੱਖ ਸੰਸਥਾ ਦੇ ਬਜਟ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ। ਬਜਟ ਦੇ ‘ੳ’ ਭਾਗ ਵਿਚ ਜਨਰਲ ਬੋਰਡ ਫੰਡ, ਟਰੱਸਟ ਫੰਡ, ਵਿਦਿਆ ਫੰਡ ਤੇ ਪ੍ਰਿੰਟਿੰਗ ਪ੍ਰੈੱਸਾਂ ਸ਼ਾਮਲ ਹਨ, ਜਦੋਂਕਿ ਬਜਟ ਦੇ ‘ਅ’ ਭਾਗ ਵਿਚ ਧਰਮ ਪ੍ਰਚਾਰ ਕਮੇਟੀ, ਭਾਗ ‘ੲ’ ਵਿੱਚ ਸੈਕਸ਼ਨ 85 ਦੇ ਗੁਰਦੁਆਰੇ ਅਤੇ ਭਾਗ ‘ਸ’ ਵਿਚ ਵਿਦਿਅਕ ਅਦਾਰੇ ਸ਼ਾਮਲ ਹਨ।
ਇਨ੍ਹਾਂ ਸਾਰਿਆਂ ਤੋਂ ਇਸ ਵਿੱਤੀ ਵਰ੍ਹੇ ਦੌਰਾਨ ਆਮਦਨ ਲਗਪਗ 1106 ਕਰੋੜ, 4 ਲੱਖ 55 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਹੈ ਜਦੋਂ ਕਿ ਕੁੱਲ ਖਰਚਾ 1138 ਕਰੋੜ 14 ਲੱਖ 54 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਹੈ। ਇਹ ਅੰਕੜਾ ਆਮਦਨ ਨਾਲੋਂ ਲਗਪਗ 32 ਕਰੋੜ 9 ਲੱਖ 98 ਹਜ਼ਾਰ ਰੁਪਏ ਵਧੇਰੇ ਹੈ। ਇਸ ਵਾਧੂ ਖਰਚੇ ਵਿਚ ਸਭ ਤੋਂ ਵੱਧ ਖਰਚਾ 29 ਕਰੋੜ 88 ਲੱਖ 98 ਹਜ਼ਾਰ ਰੁਪਏ ਵਿਦਿਅਕ ਅਦਾਰਿਆਂ ਨਾਲ ਸਬੰਧਤ ਹੈ ਜਦੋ ਕਿ ਬਾਕੀ ਦੋ ਕਰੋੜ 21 ਲੱਖ ਰੁਪਏ ਦਾ ਵਾਧੂ ਖਰਚਾ ਪ੍ਰਿੰਟਿੰਗ ਪ੍ਰੈੱਸਾਂ ਨਾਲ ਸਬੰਧਿਤ ਹੈ।
ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਵਿਸ਼ੇਸ਼ ਤੌਰ ’ਤੇ ਸਿੱਖ ਨੌਜਵਾਨਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਵਿਚ ਲਿਆਉਣ ਲਈ ਖੋਲ੍ਹੀ ਗਈ ਅਕੈਡਮੀ ਦਾ ਜ਼ਿਕਰ ਕੀਤਾ। ਹਰਿਆਣਾ ਦੇ ਗੁਰਦੁਆਰਿਆ ਦੇ ਬਜਟ ਸਬੰਧੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਵਾਰ ਹਰਿਆਣਾ ਦੇ ਗੁਰਦੁਆਰਿਆਂ ਲਈ ਵੱਖਰੇ ਤੌਰ ’ਤੇ 57 ਕਰੋੜ 11 ਲੱਖ ਰੁਪਏ ਰੱਖਿਆ ਗਿਆ ਹੈ। ਭਾਵੇਂ ਸਰਕਾਰਾਂ ਨੇ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਪਾਸੋਂ ਜਬਰੀ ਖੋਹ ਲਿਆ ਹੈ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਇਸ ਲਈ ਬਜਟ ਰੱਖਿਆ ਹੈ।