Punjab News: ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ ਦੀ ਸਫਾਈ ਤੋਂ ਮਹਿਲਾ ਕਮਿਸ਼ਨ ਦਾ ਜਵਾਬ-ਮੁਆਫ਼ੀ ਨਾਲ ਖ਼ਤਮ ਨਹੀਂ ਹੁੰਦਾ ਮਾਮਲਾ, ਹੋਵੇਗੀ ਕਾਰਵਾਈ ?
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਿਅਕਤੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢੀਆਂ ਸਨ। ਫ਼ੋਨ ਸੁਣਨ ਵਾਲੇ ਵਿਅਕਤੀ ਨੇ ਧਾਮੀ ਦੀ ਰਿਕਾਰਡ ਕੀਤੀ ਤੇ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ।
Punjab News: ਪੰਜਾਬ ਮਹਿਲਾ ਕਮਿਸ਼ਨ ਵੱਲੋਂ ਸੰਮਨ ਮਿਲਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਅੱਜ ਚੰਡੀਗੜ੍ਹ ਪਹੁੰਚ ਗਏ ਹਨ। ਸ਼ਨੀਵਾਰ ਨੂੰ ਸ਼ੁਰੂ ਹੋਏ ਵਿਵਾਦ 'ਚ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਖ਼ਿਲਾਫ਼ ਅਪਸ਼ਬਦ ਬੋਲੇ ਸਨ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਇਸ ਦਾ ਖ਼ੁਦ ਨੋਟਿਸ ਲੈਂਦਿਆਂ ਐਡਵੋਕੇਟ ਧਾਮੀ ਨੂੰ 17 ਦਸੰਬਰ ਤੱਕ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਹਨ।
ਇਸ ਦੌਰਾਨ ਐਡਵੋਕੇਟ ਧਾਮੀ ਨੇ ਮਹਿਲਾ ਕਮਿਸ਼ਨ ਨੂੰ ਆਪਣਾ ਜਵਾਬ ਸੌਂਪਦਿਆਂ ਦੱਸਿਆ ਕਿ ਉਨ੍ਹਾਂ ਤੋਂ ਗ਼ਲਤੀ ਹੋਈ ਹੈ ਤੇ ਉਹ ਇਸ ਲਈ ਮੁਆਫ਼ੀ ਮੰਗਦੇ ਹਨ ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਿਰਫ਼ ਮੁਆਫ਼ੀ ਮੰਗਣ ਨਾਲ ਖ਼ਤਮ ਨਹੀਂ ਹੋਵੇਗਾ। ਲਾਲੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਬੀਬੀ ਜਗੀਰ ਕੌਰ ਨਾਲ ਵੀ ਫ਼ੋਨ 'ਤੇ ਗੱਲ ਕੀਤੀ ਹੈ। ਉਹ ਜਲਦੀ ਹੀ ਉਨ੍ਹਾਂ ਦਾ ਪੱਖ ਵੀ ਸੁਣਨਗੇ ਤੇ ਇਸ ਤੋਂ ਬਾਅਦ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ।
ਜ਼ਿਕਰ ਕਰ ਦਈਏ ਕਿ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਾਲੀ ਗਿੱਲ ਨੇ ਇਸ ਮਾਮਲੇ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ ਕੀਤਾ ਸੀ ਜਿਸ ਅਨੁਸਾਰ ਉਸ ਨੇ 17 ਦਸੰਬਰ ਤੱਕ ਆ ਕੇ ਆਪਣਾ ਪੱਖ ਪੇਸ਼ ਕਰਨਾ ਸੀ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਅੱਜ ਐਡਵੋਕੇਟ ਧਾਮੀ ਆਪਣਾ ਪੱਖ ਪੇਸ਼ ਕਰਨ ਲਈ ਮਹਿਲਾ ਕਮਿਸ਼ਨ ਪੁੱਜੇ।
ਕੀ ਹੈ ਪੂਰਾ ਮਾਮਲਾ
ਦਰਅਸਲ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਿਅਕਤੀ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਗਾਲ੍ਹਾਂ ਕੱਢੀਆਂ ਸਨ। ਫ਼ੋਨ ਸੁਣਨ ਵਾਲੇ ਵਿਅਕਤੀ ਨੇ ਧਾਮੀ ਦੀ ਰਿਕਾਰਡ ਕੀਤੀ ਤੇ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ।
ਬੀਬੀ ਜਗੀਰ ਕੌਰ ਨੇ ਕੀ ਕਿਹਾ ?
ਨਿੱਜੀ ਚੈਨਲ ਨਾਲ ਰਾਬਤਾ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਮਹਿਲਾ ਕਮਿਸ਼ਨ ਦੇ ਧੰਨਵਾਦੀ ਹਨ ਜਿੰਨ੍ਹਾਂ ਨੇ ਆਪਣੀ ਜਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਜਥੇਦਾਰ ਸਾਬ੍ਹ ਇਸ ਮਾਮਲੇ ਉੱਤੇ ਕੀ ਕਾਰਵਾਈ ਕਰਦੇ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਔਰਤ ਬਾਬਤ ਇਹੋ ਜਿਹੀ ਸ਼ਬਦਾਵਲੀ ਵਰਤਕੇ ਕੌਮ ਨੂੰ ਆਪਣੀ ਔਕਾਤ ਦਿਖਾ ਦਿੱਤੀ ਹੈ ਕਿ ਉਹ ਕਿੰਨੀ ਘਟੀਆ ਸੋਚ ਦਾ ਮਨੁੱਖ ਹੈ। ਉਨ੍ਹਾਂ ਕਿਹਾ ਕਿ ਹੁਣ ਕੌਮ ਨੂੰ ਸੋਚਣ ਦੀ ਲੋੜ ਹੈ ਕਿ ਉਨ੍ਹਾਂ ਨੇ ਕਿਹੋ ਜਿਹੇ ਇਨਸਾਨ ਨੂੰ ਕੁਰਸੀ ਉੱਤੇ ਬਿਠਾਇਆ ਹੈ। ਹੁਣ ਦੁਨੀਆ ਦੇ ਲੋਕ ਕੀ ਸੋਚ ਰਹੇ ਹਨ। ਉਨ੍ਹਾਂ ਨੇ ਸਾਰੀ ਕੌਮ ਨੂੰ ਸਰਮਸਾਰ ਕਰ ਦਿੱਤਾ ਹੈ।