ਮਾਘੀ ਮੇਲੇ ਦੌਰਾਨ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ, ਵਿਰੋਧੀਆਂ ਨੂੰ ਕੀਤਾ 'ਚਿੱਤ'
ਬਾਦਲ ਨੇ ਪੰਜਾਬੀਆਂ ਨੂੰ ਆਖਿਆ ਕਿ ਉਹ ਰਾਹੁਲ ਗਾਂਧੀ ਦਾ ਸਵਾਗਤ ਕਰਨ ਤੋਂ ਪਹਿਲਾਂ ਵੀ ਆਪਣੇ ਮਨਾਂ ਵਿਚ ਵਿਚਾਰ ਕਰ ਲੈਣ। ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਪਾਰਟੀ ਹੀ ਪੰਜਾਬ ਦੇ ਅਮੀਰ ਸਭਿਆਚਾਰ ਵਿਰਸੇ ਤੇ ਰਵਾਇਤਾਂ ਦਾ ਅਸਲ ਉੱਤਰਾਧਿਕਾਰੀ ਹੈ ਤੇ ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਸਰਬੱਤ ਦੇ ਭਲੇ ਦੇ ਇਸਦੇ ਮੂਲ ਸਿਧਾਂਤ ਮੁਤਾਬਕ ਆਪਣਾ ਸੰਘਰਸ਼ ਜਾਰੀ ਰੱਖੇਗੀ।
ਇਥੇ ਮਾਘੀ ਮੇਲੇ ’ਤੇ ਵਿਸ਼ਾਲ ਇਕੱਠ ਜਿਸ ਦੌਰਾਨ ਹਜ਼ਾਰਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਇਕਜੁੱਟਤਾ ਪ੍ਰਗਟਾਈ, ਨੂੰ ਸੰਬੋਘਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਸਿਰਫ ਉਸੇ ਪਾਰਟੀ ਦੇ ਹੱਥਾਂ ਵਿਚ ਸੁਰੱਖਿਅਤ ਹੈ ਜਿਸਨੇ ਰਿਕਾਰਡ ਵਿਕਾਸ ਕਰਵਾਇਆ, ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰਹਿਣੀ ਯਕੀਨੀ ਬਣਾਈ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਉਹ ਸਰਕਾਰ ਹੈ ਜਿਸਨੇ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪੁਸ਼ਤ ਪਨਾਹੀ ਕੀਤੀ ਅਤੇ ਜਿਸ ਵਿਚ ਸੂਬੇ ਨੂੰ ਆਰਥਿਕ ਤੌਰ ’ਤੇ ਤਬਾਹ ਕਰਨ ਦੀ ਸਮਰਥਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਵੇਖ ਲਿਆ ਹੈ ਕਿ ਕਿਵੇਂ ਪਿਛਲੀ ਕਾਂਗਰਸ ਸਰਕਾਰ ਨੇ ਝੂਠੇ ਵਾਅਦੇ ਕੀਤੇ ਜੋ ਕਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬੀ ਭਾਰਤੀ ਜਨਤਾ ਪਾਰਟੀ ਤੋਂ ਜ਼ਿਆਦਾ ਆਸਾਂ ਨਹੀਂ ਲਗਾ ਸਕਦੇ ਕਿਉਂਕਿ ਇਹ ਪਾਰਟੀ ਪੰਜਾਬੀਆਂ ਨੂੰ ਇਕ ਦੂਜੇ ਖਿਲਾਫ ਲੜਨ ਲਈ ਭੜਕਾ ਰਹੀ ਹੈ।
ਮੇਲਾ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਸ਼੍ਰੋਮਣੀ ਅਕਾਲੀ ਦਲ - ਬਹੁਜਨ ਸਮਾਜ ਪਾਰਟੀ ਦੀ ਕਾਨਫਰੰਸ ਨੂੰ ਇਨਾਂ ਭਰਵਾਂ ਹੁੰਗਾਰਾ ਦੇ ਕੇ ਕਾਮਯਾਬ ਬਣਾਉਣ ਲਈ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ।#Maghi @Akali_Dal_ #conference @Mayawati #BSP pic.twitter.com/a9DWHdZwQu
— Sukhbir Singh Badal (@officeofssbadal) January 14, 2023
ਪੰਜਾਬੀਆਂ ਨੂੰ ਫੈਸਲੇ ਲੈਣ ਤੋਂ ਪਹਿਲਾਂ ਸੋਚ ਵਿਚਾਰ ਕਰਨ ਦੀ ਸਲਾਹ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਪਹਿਲਾਂ ਵੀ ਇਕ ਮੌਕੇ ਦੇ ਨਾਅਰੇ ਕਾਰਨ ਭਾਵਨਾਵਾਂ ਦੇ ਵਹਿਣ ਵਿਚ ਵਹਿ ਚੁੱਕੇ ਹਨ। ਉਹਨਾਂ ਕਿਹਾ ਕਿ ਪਿਛਲੇ 8 ਮਹੀਨਿਆਂ ਵਿਚ ਇਹ ਨਾਅਰਾ ਵੀ ਖੋਖਲਾ ਸਾਬਤ ਹੋਇਆ ਹੈ।ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਇੰਨਾ ਸੰਤਾਪ ਕਦੇ ਨਹੀਂ ਹੰਢਾਇਆ। ਉਹਨਾਂ ਕਿਹਾ ਕਿ ਲੁੱਟਾਂ ਖੋਹਾਂ, ਡਕੈਤੀਆਂ ਤੇ ਫਿਰੌਤੀਆਂ ਆਮ ਆਦਮੀ ਨੂੰ ਪ੍ਰਭਾਵਤ ਕਰ ਰਹੀਆਂ ਹਨ।ਉਦਯੋਗ ਸੂਬੇ ਵਿਚੋਂ ਬਾਹਰ ਜਾ ਰਿਹਾ ਹੈ।
ਬਾਦਲ ਨੇ ਪੰਜਾਬੀਆਂ ਨੂੰ ਆਖਿਆ ਕਿ ਉਹ ਰਾਹੁਲ ਗਾਂਧੀ ਦਾ ਸਵਾਗਤ ਕਰਨ ਤੋਂ ਪਹਿਲਾਂ ਵੀ ਆਪਣੇ ਮਨਾਂ ਵਿਚ ਵਿਚਾਰ ਕਰ ਲੈਣ। ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੇ ਹੁਕਮ ਦਿੱਤੇ ਸਨ ਤੇ ਉਸਦੇ ਪੁੱਤਰ ਰਾਜੀਵ ਗਾਂਧੀ ਨੇ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ।
ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਅਣਕਿਆਸਾ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਅਸੀਂ ਯੋਜਨਾਬੱਧ ਤਰੀਕੇ ਨਾਲ ਸੂਬੇ ਦਾ ਵਿਕਾਸ ਕੀਤਾ। ਪਹਿਲਾਂ ਅਸੀਂ ਸੂਬੇ ਵਿਚ ਸਿੰਜਾਈ ਨੈਟਵਰਕ ਬਣਾਇਆ, ਫਿਰ ਅਨਾਜ ਦੀ ਖਰੀਦ ਲਈ ਮੰਡੀਆਂ ਬਣਾਈਆਂ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਅਤੇ ਸੂਬੇ ਵਿਚ ਵਿਸ਼ਵ ਪੱਧਰੀ ਸੜਕਾਂ ਤੇ ਹਵਾਈ ਅੱਡੇ ਬਣਾਉਣ ਲਈ ਜ਼ਿੰਮੇਵਾਰ ਹੈ।
ਬਾਦਲ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਦੇ ਕਾਰਨ ਹੀ ਵਿਰੋਧੀ ਧਿਰ ਨੇ 2015 ਵਿਚ ਬੇਅਦਬੀ ਤੇ ਹੋਰ ਮਾਮਲਿਆਂ ’ਤੇ ਅਕਾਲੀ ਦਲ ਦੇ ਖਿਲਾਫ ਝੂਠੀ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਬਾਅਦ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਬੇਨਕਾਬ ਹੋ ਗਈਆਂ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਜਾਂਚ ਕਰ ਰਹੀ ਐਸ ਆਈ ਟੀ ਨੇ ਇਕ ਵੀ ਅਕਾਲੀ ਵਰਕਰ ਜਾਂ ਲੀਡਰ ਦਾ ਨਾਂ ਅਦਾਲਤ ਵਿਚ ਪੇਸ਼ ਕੀਤੇ ਚਲਾਨ ਵਿਚ ਸ਼ਾਮਲ ਨਹੀਂ ਕੀਤਾ।