ਪੜਚੋਲ ਕਰੋ
ਵਿਧਾਇਕ ਦਵਿੰਦਰ ਘੁਬਾਇਆ ਨਾਲ ਉਲਝਣ ਵਾਲੀ ਥਾਣੇਦਾਰ ਦੀ ਬਦਲੀ

ਚੰਡੀਗੜ੍ਹ: ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਉਲਝਣ ਵਾਲੀ ਥਾਣਾ ਮੁਖੀ ਲਵਮੀਤ ਕੌਰ ਦਾ ਫਾਜ਼ਿਲਕਾ ਤੋਂ ਜਲਾਲਾਬਾਦ ਤਬਾਦਲਾ ਕਰ ਦਿੱਤਾ ਗਿਆ ਹੈ। ਵਿਧਾਇਕ ਦਵਿੰਦਰ ਘੁਬਾਇਆ ਆਪਣੇ ਸਮਰਥਕ ਦੇ ਵਾਹਨ ਦੇ ਕਾਗਜ਼ ਚੈੱਕ ਕਰਨ ਦੇ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਲਵਮੀਤ ਕੌਰ ਨਾਲ ਉਲਝੇ ਸੀ। ਦੋਵਾਂ ਵਿੱਚ ਕਾਫੀ ਤੂੰ-ਤੂੰ, ਮੈਂ-ਮੈਂ ਵੀ ਹੋਈ ਸੀ। ਥਾਣੇਦਾਰ ਲਵਮੀਤ ਕੌਰ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆ ਮੰਨਿਆ ਕਿ ਤਬਾਦਲਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਹ ਰੁਟੀਨ ਟਰਾਂਸਫਰ ਹੈ। ਇਸ ਨੂੰ ਘੁਬਾਇਆ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਨਾਲ ਕਈ ਹੋਰ ਐਸਐਚਓ ਵੀ ਬਦਲੇ ਹਨ। ਦਰਅਸਲ ਫ਼ਾਜ਼ਿਲਕਾ ਥਾਣਾ ਸਿਟੀ ਵਿਖੇ ਤਾਇਨਾਤ ਲਵਮੀਤ ਕੌਰ ਨਾਲ ਦਵਿੰਦਰ ਘੁਬਾਇਆ ਦੀ ਕਥਿਤ ਫ਼ੋਨ ਰਿਕਾਰਡਿੰਗ ਵਾਇਰਲ ਹੋਈ ਸੀ। ਇਸ ਰਿਕਾਰਡਿੰਗ ਵਿੱਚ ਘੁਬਾਇਆ ਮਹਿਲਾ ਐਸਐਚਓ ਨਾਲ ਆਪਣੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾ ਕੇ ਬਹਿਸ ਕਰਦੇ ਹਨ। ਰਿਕਾਰਡਿੰਗ ਵਿੱਚ ਘੁਬਾਇਆ ਦੀ ਭਾਸ਼ਾ ਦਾ ਪੱਧਰ ਕਾਫੀ ਨੀਵਾਂ ਚਲਾ ਜਾਂਦਾ ਹੈ। ਵਿਧਾਇਕ ਦਵਿੰਦਰ ਘੁਬਾਇਆ ਨੇ ਮੰਨਿਆ ਸੀ ਕਿ ਉਨ੍ਹਾਂ ਦੀ ਮਹਿਲਾ ਅਧਿਕਾਰੀ ਨਾਲ ਗੱਲਬਾਤ ਹੋਈ ਸੀ। ਉਹ ਉਨ੍ਹਾਂ ਨੂੰ ਆਪਣੇ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਵਰਜਣਾ ਚਾਹੁੰਦੇ ਸੀ। ਸਾਰੀ ਘਟਨਾ ਦੀ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਖ਼ਤ ਨੋਟਿਸ ਲਿਆ ਸੀ। ਫ਼ਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਪੰਜ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਪੁਲਿਸ ਮਰਿਆਦਾ ਚੇਤੇ ਰੱਖਣ ਲਈ ਚੇਤਾਵਨੀ ਵੀ ਜਾਰੀ ਕੀਤੀ ਸੀ। ਆਈਜੀ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਘੁਬਾਇਆ ਤੇ ਮਹਿਲਾ ਪੁਲਿਸ ਅਧਿਕਾਰੀ ਦੀ ਗੱਲਬਾਤ ਦੀ ਆਡੀਓ-ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਕਾਰਨ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਅਕਸ ਖ਼ਰਾਬ ਹੋਇਆ ਹੈ। ਇਸ ਦੀ ਸ਼ਿਕਾਇਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਨਾ ਕਰਕੇ ਸਿੱਧਾ ਸੋਸ਼ਲ ਮੀਡੀਆ 'ਤੇ ਪਹੁੰਚ ਕਰਨਾ ਪੁਲਿਸ ਨਿਯਮਾਂ ਦੀ ਉਲੰਘਣਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















