ਥਾਣੇ 'ਚ ਬੰਦ ਹਵਾਲਾਤੀ ਪੰਜਾਬ ਪੁਲਿਸ ਦਾ ਸਿਰ ਪਾੜ ਕੇ ਫਰਾਰ, SHO ਮੁਅੱਤਲ
ਚਰਨਜੀਤ ਸਿੰਘ ਉਰਫ ਚੰਨੀ ਵਾਸੀ ਢਾਣੀ ਸੰਤ ਖੀਵਾਪੁਰ ਝੋਕ ਡੀਪੁਲਾਣਾ ਸ਼ੁੱਕਰਵਾਰ ਨੂੰ ਥਾਣਾ ਸਦਰ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਸਿਪਾਹੀ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਿਆ। ਉਸ ਨੂੰ ਇੱਕ ਬੱਚਾ ਚੁੱਕਣ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ।
ਫਾਜ਼ਿਲਕਾ: ਚਰਨਜੀਤ ਸਿੰਘ ਉਰਫ ਚੰਨੀ ਵਾਸੀ ਢਾਣੀ ਸੰਤ ਖੀਵਾਪੁਰ ਝੋਕ ਡੀਪੁਲਾਣਾ ਸ਼ੁੱਕਰਵਾਰ ਨੂੰ ਥਾਣਾ ਸਦਰ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਸਿਪਾਹੀ ਨੂੰ ਜ਼ਖਮੀ ਕਰਨ ਤੋਂ ਬਾਅਦ ਫਰਾਰ ਹੋ ਗਿਆ। ਉਸ ਨੂੰ ਇੱਕ ਬੱਚਾ ਚੁੱਕਣ ਦੇ ਇਲਜ਼ਾਮ ਵਿੱਚ ਫੜਿਆ ਗਿਆ ਸੀ। ਥਾਣਾ ਸਦਰ ਦੀ ਪੁਲਿਸ ਨੇ ਐਸਐਚਓ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਜਦਕਿ ਮੁਲਜ਼ਮ ਚੰਨੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਚੰਨੀ ਵੀਰਵਾਰ ਸਵੇਰੇ ਫੜਿਆ ਗਿਆ ਸੀ। ਇਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਸਵੇਰੇ ਚੰਨੀ ਨੇ ਕਿਹਾ ਕਿ ਉਸ ਨੇ ਬਾਥਰੂਮ ਜਾਣਾ ਹੈ। ਜਿਵੇਂ ਹੀ ਉਸ ਦੀ ਹੱਥਕੜੀ ਖੋਲ੍ਹੀ ਗਈ, ਉਸ ਨੇ ਮੁਲਾਜ਼ਮ ਨੂੰ ਕੁੱਟਿਆ ਤੇ ਜ਼ਖਮੀ ਕਰ ਦਿੱਤਾ। ਇਸ ਪਿੱਛੋਂ ਉਹ ਥਾਣੇ ਦੇ ਗੇਟ 'ਤੇ ਤਾਇਨਾਤ ਪੀਏਪੀ ਕਰਮਚਾਰੀ ਕੁਲਵਿੰਦਰ ਸਿੰਘ ਦੇ ਸਿਰ 'ਤੇ ਇੱਟ ਮਾਰ ਕੇ ਫਰਾਰ ਹੋ ਗਿਆ।
ਇਸ ਮਗਰੋਂ ਪੁਲਿਸ ਮੁਲਾਜ਼ਮ ਚੰਨੀ ਦੇ ਪਿੱਛੇ ਭੱਜੇ, ਪਰ ਉਸ ਨੂੰ ਫੜ ਨਹੀਂ ਸਕੇ। ਸ਼ੁੱਕਰਵਾਰ ਨੂੰ ਉੱਚ ਅਧਿਕਾਰੀਆਂ ਨੇ ਐਸਐਚਓ ਥਾਣਾ ਸਦਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਦੀ ਥਾਂ ਜਸਵੰਤ ਸਿੰਘ ਨੂੰ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।