ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿ ਦੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪ੍ਰਸ਼ੰਸਕ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਵਿਖੇ ਅਫ਼ਸੋਸ ਪ੍ਰਗਟਾਉਣ ਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ।
ਚੰਡੀਗੜ੍ਹ/ਮਾਨਸਾ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿ ਦੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਮੂਸੇਵਾਲਾ ਦੀ ਮੌਤ ਨੂੰ ਕਰੀਬ ਦੋ ਮਹੀਨੇ ਬੀਤ ਚੁੱਕੇ ਹਨ, ਪਰ ਪ੍ਰਸ਼ੰਸਕ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਵਿਖੇ ਉਨ੍ਹਾਂ ਦੇ ਮਾਤਾ-ਪਿਤਾ ਕੋਲ ਅਫ਼ਸੋਸ ਪ੍ਰਗਟਾਉਣ ਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਰਹਿੰਦੇ ਹਨ।
ਇਸ ਦੌਰਾਨ, ਮੰਗਲਵਾਰ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਦੇ ਸਟੋਰੀ ਸੈਕਸ਼ਨ ਵਿੱਚ ਇੱਕ ਫੋਟੋ ਅਪਲੋਡ ਕੀਤੀ ਗਈ ਸੀ।ਇਸ ਫੋਟੋ ਰਾਹੀਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ, ਜੋ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਘਰ ਜਾ ਕੇ ਉਸ ਦੀ ਮੌਤ 'ਤੇ ਸੋਗ ਮਨਾਉਣ ਲਈ ਮਿਲਣਾ ਚਾਹੁੰਦੇ ਹਨ। ਇਸ ਫੋਟੋ ਵਿੱਚ ਇੱਕ ਸੰਦੇਸ਼ ਵਿੱਚ ਲਿਖਿਆ ਹੈ, 'ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨਿਆਂ ਲਈ ਪਿੰਡ ਤੋਂ ਬਾਹਰ ਗਏ ਹਨ। ਜੋ ਵੀ ਉਨ੍ਹਾਂ ਨੂੰ ਮਿਲਣ ਆ ਰਿਹਾ ਹੈ, ਉਨ੍ਹਾਂ ਨੂੰ ਨਿਰਾਸ਼ ਨਾ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਪੋਸਟ ਰਾਹੀਂ ਅੱਪਡੇਟ ਕਰਦੇ ਰਹਾਂਗੇ।
ਸੂਤਰਾਂ ਮੁਤਾਬਿਕ, 'ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੂਸੇਵਾਲਾ ਕੋਲ ਪਹੁੰਚਾਉਣ ਦੀ ਗੱਲ ਕਹੀ ਗਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ।ਪੁਲਿਸ ਨੇ ਜਿਸ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਐਨਕਾਉਂਟਰ ਮਗਰੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਦੋ ਬੰਦਿਆਂ ਨੂੰ ਮਾਰਨ ਨਾਲ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਵੇਗਾ। ਉਨ੍ਹਾਂ ਕਿਹਾ ਕਿ ਉਹ ਉਦੋਂ ਹੀ ਸੰਤੁਸ਼ਟ ਹੋਣਗੇ, ਜਦੋਂ ਪੰਜਾਬ ਵਿੱਚ ਗੈਂਗਸਟਰ ਕਲਚਰ ਖ਼ਤਮ ਹੋਵੇਗਾ। ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਸਵੇਰੇ ਮੂਸਾ ਪਿੰਡ ਤੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਪੁੱਜੇ। ਉਥੇ ਅੱਜ ਪੰਜਾਬੀ ਗਾਇਕ ਦੇ ਦੋ ਕਾਤਲਾਂ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਦਾ ਪੋਸਟਮਾਰਟਮ ਹੋਣਾ ਸੀ।
ਬਲਕੌਰ ਸਿੰਘ ਸਿੱਧੂ ਆਪਣੇ ਪੁੱਤਰ ਦੇ ਕਾਤਲਾਂ ਦੀ ਸ਼ਨਾਖਤ ਲਈ ਗਏ ਤਾਂ ਜੋ ਪਤਾ ਲੱਗ ਸਕੇ ਕਿ ਪੁਲਿਸ ਵੱਲੋਂ ਜਿਹੜੇ ਗੈਂਗਸਟਰਾਂ ਨੂੰ ਕੱਲ੍ਹ ਮੁਕਾਬਲੇ ਦੌਰਾਨ ਮਾਰ ਮੁਕਾਇਆ ਹੈ, ਉਹ ਸੱਚ ਮੁੱਚ ਮੰਨੂ ਕੁੱਸਾ ਤੇ ਜਗਰੂਪ ਰੂਪਾ ਹੀ ਹਨ। ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਬਲਕੌਰ ਸਿੰਘ ਸ਼ੂਟਰਾਂ ਦੀ ਸ਼ਨਾਖਤ ਲਈ ਹੀ ਗਏ ਹਨ। ਬਲਕੌਰ ਸਿੰਘ ਨੇ ਕਿਹਾ ਕਿ ਇਹ ਗੈਂਗਸਟਰਾਂ ਵਿਰੁੱਧ ਲੜਾਈ ਦੀ ਸ਼ੁਰੂਆਤ ਹੈ।