Six months of AAP:ਜਾਣੋ ਪੰਜਾਬ ਸਰਕਾਰ ਦੇ ਉਹ ਫ਼ੈਸਲੇ ਜਿੰਨ੍ਹਾਂ ਕਰਵਾਈ ਫਜ਼ੀਹਤ ਤੇ ਵਰਕਰਾਂ ਨੂੰ ਕਰਨਾ ਪਿਆ ਨਾਮੋਸ਼ੀ ਦਾ ਸਾਹਮਣਾ
ਪੰਜਾਬ ਸਰਕਾਰ ਦੇ ਉਨ੍ਹਾਂ ਫ਼ੈਸਲਿਆਂ ਦੀ ਗੱਲ ਕਰਾਂਗੇ ਜਿੰਨਾ ਕਾਰਨ ਸਰਕਾਰ ਦੀ ਫਜ਼ੀਹਤ ਹੋਈ ਤੇ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਗੁਰਵਿੰਦਰ ਸਿੰਘ ਚੱਠਾ ਦੀ ਖ਼ਾਸ ਰਿਪੋਰਟ
Six months of AAP: ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਏ 6 ਮਹੀਨੇ ਪੂਰੇ ਹੋ ਗਏ ਹਨ। ਭਗਵੰਤ ਮਾਨ ਨੇ 16 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਹਲਫ਼ ਲਿਆ ਸੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਵੱਲੋਂ ਲੋਕਾਂ ਨਾਲ ਕਈ ਵਾਅਦੇ ਕੀਤੇ ਗਏ ਸੀ ਪਰ ਇਸ ਦੌਰਾਨ ਸਰਕਾਰ ਦੇ ਉਨ੍ਹਾਂ ਫ਼ੈਸਲਿਆਂ ਦੀ ਗੱਲ ਕਰਾਂਗੇ ਜਿੰਨਾ ਕਾਰਨ ਸਰਕਾਰ ਦੀ ਫਜ਼ੀਹਤ ਹੋਈ ਤੇ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਕਿਹੜੇ ਕਾਰਨਾ ਕਰਕੇ ਹੋਈ ਚੋਖੀ ਬਦਨਾਮੀ
ਸੂਬੇ ਦੀ ਕਾਨੂੰਨ ਵਿਵਸਥਾ: ਬੇਸ਼ੱਕ ਸੂਬੇ ਦੀ ਕਾਨੂੰਨ ਵਿਵਸਥਾ ਪਹਿਲਾਂ ਕੋਈ ਜ਼ਿਆਦਾ ਚੰਗੀ ਨਹੀਂ ਸੀ ਪਰ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਤੇ ਫਿਰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਸਰਕਾਰ ਨੂੰ ਇੱਕਦਮ ਬੈੱਕਫੁੱਟ 'ਤੇ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਚਾਹੇ ਪਟਿਆਲਾ ਵਿੱਚ ਹੋਏ ਫਿਰਕੂਪੁਣੇ ਦੀ ਗੱਲ ਕਰੀਏ ਜਾਂ ਫਿਰ ਸ਼ਰੇਆਮ ਗੈਂਗਵਾਰ ਕਾਰਨ ਹੁੰਦੇ ਕਤਲਾਂ ਦੀ, ਭਾਵੇਂ ਗੱਲ ਬੇਅਦਬੀਆਂ ਦੀ ਹੋਵੇ ਜਾਂ ਫਿਰ ਗੈਂਗਸਟਰਾਂ ਵੱਲੋਂ ਮਿਲਣ ਵਾਲੀਆਂ ਧਮਕੀਆਂ ਦੀ ਜਿਨ੍ਹਾਂ ਨੇ ਸਿਆਸਤਦਾਨਾਂ ਨੂੰ ਵੀ ਨਹੀਂ ਬਖ਼ਸ਼ਿਆ, ਵਿਰੋਧੀਆਂ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਦੀ ਜਮ ਕੇ ਅਲੋਚਨਾ ਕੀਤੀ। ਇਹ ਵੀ ਕਿਹਾ ਜਾ ਰਿਹਾ ਹੈ ਆਪ ਕਿਲ੍ਹਾ ਮੰਨੇ ਜਾਣ ਵਾਲੇ ਸੰਗਰੂਰ ਨੂੰ ਹਾਰ ਦਾ ਵੀ ਇਹੋ ਸਭ ਤੋਂ ਵੱਡਾ ਕਾਰਨ ਹੈ।
ਨਸ਼ੇ ਨਾਲ ਮੌਤਾਂ: ਨਸ਼ਾ ਖ਼ਤਮ ਕਰਨ ਦਾ ਮੁੱਦਾ ਹਰ ਵਾਰ ਦੀਆਂ ਚੋਣਾਂ ਵਿੱਚ ਮੁੱਖ ਹੁੰਦਾ ਹੈ ਤੇ ਇਸ ਨੂੰ ਲੈ ਕੇ ਆਪ ਨੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਸੀ ਪਰ ਨਸ਼ਾ ਕਿੰਨਾ ਕੁ ਖ਼ਤਮ ਹੋਇਆ ਇਸ ਦੀ ਗਵਾਹੀ ਆਏ ਪਿੰਡਾਂ ਵਿੱਚ ਮਾਪਿਆਂ ਦੇ ਮੋਢਿਆਂ ਤੇ ਉੱਠ ਰਹੀਆਂ ਨੌਜਵਾਨ ਪੁੱਤਾਂ ਦੀਆਂ ਲਾਸ਼ਾ ਦੱਸ ਦੇਣਗੀਆਂ ਜਾਂ ਫਿਰ ਘਰਾਂ ਵਿੱਚ ਵਿਛੇ ਸੱਥਰ ਇਸ ਦੀ ਬਾਖ਼ੂਬੀ ਗਵਾਹੀ ਦੇ ਦੇਣਗੇ।
ਭ੍ਰਿਸ਼ਟਾਚਾਰ: ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਵਰਤਦਿਆਂ ਮਾਨਸਾ ਤੋਂ ਵਿਧਾਇਕ ਤੇ ਤਤਕਾਲੀ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੂੰ ਖ਼ੁਦ ਨੂੰ ਜੇਲ੍ਹ ਭੇਜਣ ਦਾ ਕੰਮ ਕੀਤਾ ਸੀ ਜਾਂ ਫਿਰ ਦੇਸੀ ਸ਼ਬਦਾਂ ਵਿੱਚ ਕਾਂ ਮਾਰਕੇ ਟੰਗਣ ਵਾਲਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵੀ ਕਥਿਤ ਆਡਿਓ ਵਾਇਰਲ ਹੋ ਰਹੀ ਹੈ। ਇੰਨਾ ਹੀ ਨਹੀਂ ਆਏ ਦਿਨ ਦਬੀ ਆਵਾਜ਼ ਵਿੱਚ ਕਿਸੇ ਨਾ ਕਿਸੇ ਲੀਡਰ ਤੇ ਇਹੋ ਜਿਹੇ ਦੋਸ਼ ਲੱਗ ਹੀ ਰਹੇ ਹਨ।
ਜੌੜਾਮਾਜਰਾ ਦਾ ਵਿਵਾਦ: ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਫ਼ਰੀਦਕੋਟ ਦੀ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਨਾਲ ਹੋਇਆ ਵਿਵਾਦ ਕਿਸ ਤੋਂ ਵੀ ਲੁਕਿਆ ਨਹੀਂ ਹੈ। ਇਸ ਤੋਂ ਬਾਅਦ ਕਈ ਡਾਕਟਰਾਂ ਵੱਲੋਂ ਅਸਤੀਫ਼ੇ ਵੀ ਭੇਜੇ ਗਏ ਸੀ। ਹਾਲਾਂਕਿ ਸਰਕਾਰ ਵੱਲੋਂ ਆਪਣੇ ਹੀ ਮੰਤਰੀ ਦਾ ਪੱਖ ਪੂਰਿਆ ਗਿਆ ਸੀ ਪਰ ਇਸ ਨੂੰ ਲੈ ਸਰਕਾਰ ਦੀ ਜਮ ਕੇ ਮੁਖ਼ਾਲਫ਼ਤ ਹੋਈ ਸੀ।
ਰਾਜ ਸਭਾ ਨਾਮਜ਼ਦਗੀ : ਸੱਤਾ ਵਿੱਚ ਆਉਣ ਤੋਂ ਬਾਅਦ ਰਾਜ ਸਭਾ ਮੈਂਬਰਾਂ ਦੀ ਨਾਮਜ਼ਦਗੀ ਨੂੰ ਲੈ ਕੇ ਆਪ ਦੀ ਚੰਗੀ ਵਿਰੋਧਤਾ ਹੋਈ ਸੀ ਕਿਉਂਕਿ ਇਸ ਵਿੱਚ ਪੰਜਾਬ ਤੋਂ ਬਾਹਰਲਿਆਂ ਨੂੰ ਜ਼ਿਆਦਾ ਤਰਜ਼ੀਹ ਦਿੱਤੀ ਸੀ।
ਸੁਰੱਖਿਆ: ਖ਼ੁਦ ਨੂੰ ਆਮ ਆਦਮੀ ਕਹਿ ਕੇ ਪ੍ਰਚਾਰਨ ਵਾਲੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਇਲਾਵਾ ਪੰਜਾਬ ਵਿੱਚ ਵੀ ਜ਼ੈੱਡ ਪਲੱਸ ਸੁਰੱਖਿਆ ਲਈ ਹੋਈ ਹੈ। ਇਸ ਤੋਂ ਇਲਾਵਾ ਰਾਘਵ ਚੱਢਾ ਦਾ ਨਾਂਅ ਸੁਰੱਖਿਆ ਲੈਣ ਵਾਲਿਆਂ ਵਿੱਚੋਂ ਭਗਵੰਤ ਮਾਨ ਤੋਂ ਥੱਲੇ ਤੀਜ਼ੇ ਨੰਬਰ ਤੇ ਆਉਂਦਾ ਹੈ। ਮੁੱਖ ਮੰਤਰੀ ਮਾਨ ਦਾ ਪਰਿਵਾਰ ਵੀ ਪੰਜਾਬ ਦੀਆਂ ਸੜਕਾਂ ਤੇ ਸੁਰੱਖਿਆ ਦਸਤੇ ਵਿਚਾਲੇ ਘੁੰਮਦਾ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ।
ਸਲਾਹਕਾਰ ਕਮੇਟੀ: ਪੰਜਾਬ ਦੀ ਸਲਾਹਕਾਰ ਕਮੇਟੀ ਦਾ ਰਾਘਵ ਚੱਢਾ ਨੂੰ ਚੇਅਰਮੈਨ ਲਾਉਣ ਦਾ ਮੁੱਦੇ ਹਾਲੇ ਤੱਕ ਆਪ ਦਾ ਪਿੱਛਾ ਨਹੀਂ ਛੱਡ ਰਿਹਾ। ਵਿਰੋਧੀਆਂ ਪਾਰਟੀਆਂ ਵੱਲੋਂ ਭਗਵੰਤ ਮਾਨ ਨੂੰ ਰਬੜ ਦੀ ਮੋਹਰ ਕਿਹਾ ਜਾਂਦਾ ਹੈ ਤੇ ਰਾਘਵ ਚੱਢਾ ਨੂੰ ਮੁੱਖ ਮੰਤਰੀ ਕਹਿ ਕੇ ਸੱਦਿਆ ਜਾਂਦਾ ਹੈ।
ਜੁਗਾੜੂ ਰੇਹੜੀਆਂ : ਸਰਕਾਰ ਨੇ ਪਹਿਲਾਂ ਜੁਗਾੜੂ ਰੇਹੜੀਆਂ ਬੰਦ ਕਰਨ ਦਾ ਫੈਸਲਾ ਕੀਤਾ ਜਦੋਂ ਇਸ ਦਾ ਵਿਰੋਧ ਹੋਇਆ ਤਾਂ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ, ਜਿਸ ਤੋਂ ਬਾਅਦ ਟੈਂਪੂ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਨੂੰ ਲੈ ਕੇ ਮਾਨ ਸਰਕਾਰ ਅਜੇ ਵੀ ਦੁਚਿੱਤੀ ਵਿੱਚ ਫਸੀ ਹੋਈ ਹੈ।
BMW 'ਤੇ ਯੂ-ਟਰਨ-ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ BMW ਕਾਰ ਦੇ ਮੈਨੂਫੈਕਚਰਿੰਗ ਪਲਾਂਟ ਖੋਲ੍ਹਣ ਦੇ ਐਲਾਨ ਤੋਂ ਇੱਕ ਦਿਨ ਬਾਅਦ BMW ਕੰਪਨੀ ਨੇ ਅਜਿਹਾ ਕੋਈ ਵੀ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। BMW ਕੰਪਨੀ ਨੇ ਕਿਹਾ ਕਿ BMW ਗਰੁੱਪ ਇੰਡੀਆ ਦੀ ਪੰਜਾਬ ਵਿੱਚ ਵਾਧੂ ਨਿਰਮਾਣ ਕਾਰਜ ਸਥਾਪਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਦੀ ਜਮ ਕੇ ਕਿਰਕਿਰੀ ਹੋ ਰਹੀ ਹੈ।
ਧਰਨਿਆਂ ਦਾ ਰੁਖ਼ ਸੰਗਰੂਰ: ਭਗਵੰਤ ਮਾਨ ਆਪਣੇ ਪੁਰਾਣੇ ਬਿਆਨਾਂ ਵਿੱਚ ਅਕਸਰ ਕਹਿੰਦੇ ਸੀ ਕਿ ਬੱਸ ਧਰਨਿਆਂ ਦੀ ਜਗ੍ਹਾ ਬਦਲਦੀ ਹੈ ਮਸਲੇ ਨਹੀਂ ਹੱਲ ਹੁੰਦੇ। ਅਜਿਹਾ ਹੀ ਹੁਣ ਮਾਨ ਸਰਕਾਰ ਨਾਲ ਹੋ ਰਿਹਾ ਹੈ। ਹਰ ਮਹੀਨੇ ਕਿਸਾਨਾਂ ਵੱਲੋਂ ਚੰਡੀਗੜ੍ਹ ਦਾ ਘਿਰਾਓ ਕੀਤਾ ਜਾ ਰਿਹਾ ਹੈ। ਬੇਰੁਜ਼ਗਾਰ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਪੁਲਿਸ ਦਾ ਤਸ਼ੱਦਦ ਝੱਲ ਰਹੇ ਹਨ।
ਤਨਖ਼ਾਨ 'ਚ ਦੇਰੀ: ਨਵਾਂ ਰੁਜ਼ਗਾਰ ਦੇਣਾ ਤਾਂ ਸਰਕਾਰ ਲਈ ਹਾਲੇ ਔਖਾ ਜਾਪਦਾ ਹੈ ਪਰ ਫਿਰ ਵੀ ਪੁਰਾਣਿਆਂ ਨੂੰ ਤਨਖ਼ਾਹਾਂ ਤਾਂ ਸਮੇ ਸਿਰ ਦਿੱਤੀਆਂ ਹੀ ਜਾ ਸਕਦੀਆਂ ਹਨ ਪਰ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਚ ਦੇਰੀ ਤਾਂ ਕੀਤੀ ਹੀ ਜਾ ਰਹੀ ਹੈ ਸਗੋਂ ਮਿਲਣ ਵਾਲੀ ਤਨਖ਼ਾਹ ਵੀ ਅੱਧੀ ਕਰ ਦਿੱਤੀ ਗਈ ਹੈ ਜਿਸ ਕਾਰਨ ਨੌਕਰੀਪੇਸ਼ਾ ਕਰਨ ਵਾਲੇ ਲੋਕ ਵੀ ਜ਼ਿਆਦਾ ਖ਼ੁਸ਼ ਨਹੀਂ ਜਾਪ ਰਹੇ।
ਇਹ ਵੀ ਪੜ੍ਹੋ: AAP in Punjab: ਆਪ ਸਰਕਾਰ ਦੇ 6 ਮਹੀਨੇ ਹੋਏ ਪੂਰੇ, ਕਿੰਨੇ ਵਾਅਦੇ ਹੋਏ ਵਫ਼ਾ,ਜਾਣੋ ਲੇਖਾ ਜੋਖਾ