(Source: ECI/ABP News/ABP Majha)
Punjab Elections: ਸੋਨੂੰ ਸੂਦ ਨੇ ਕੀਤਾ ਵੱਡਾ ਐਲਾਨ, ਪਰਿਵਾਰ ਰਾਹੀਂ ਸਿਆਸੀ ਪਾਰੀ ਦੀ ਸ਼ੁਰੂਆਤ
ਬਾਲੀਵੁੱਡ ਸਟਾਰ ਸੋਨੂੰ ਸੂਦ ਨੇ ਆਪਣੀ ਸਿਆਸੀ ਪਾਰੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।ਸੋਨੂੰ ਪਰਿਵਾਰ ਰਾਹੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਚੋਣ ਲੜੇਗੀ।
ਮੋਗਾ: ਬਾਲੀਵੁੱਡ ਸਟਾਰ ਸੋਨੂੰ ਸੂਦ ਨੇ ਆਪਣੀ ਸਿਆਸੀ ਪਾਰੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।ਸੋਨੂੰ ਪਰਿਵਾਰ ਰਾਹੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਚੋਣ ਲੜੇਗੀ। ਉਹ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੋਗਾ ਵਿਧਾਨ ਸਭਾ ਸੀਟ ਤੋਂ ਲੜੇਗੀ। ਸੋਨੂੰ ਸੂਦ ਨੇ ਐਤਵਾਰ ਨੂੰ ਮੋਗਾ 'ਚ ਇਕ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪਾਰਟੀ ਬਾਰੇ ਅਜੇ ਫੈਸਲਾ ਨਹੀਂ ਹੋਇਆ ਪਰ ਜਲਦੀ ਹੀ ਇਸ ਬਾਰੇ ਵੀ ਫੈਸਲਾ ਕਰ ਲਿਆ ਜਾਵੇਗਾ।
ਉਨ੍ਹਾਂ ਦੇ ਰਾਜਨੀਤੀ ਵਿੱਚ ਆਉਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਦਾ ਚੋਣ ਲੜਨਾ ਪਹਿਲਾ ਕਦਮ ਹੈ। ਉਸ ਤੋਂ ਬਾਅਦ ਅਸੀਂ ਅੱਗੇ ਵਧਾਂਗੇ। ਇਸ ਦੌਰਾਨ ਸੋਨੂੰ ਸੂਦ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਮਿਲਣਗੇ।
ਸੋਨੂੰ ਸੂਦ ਨੇ ਕਿਹਾ ਕਿ ਭੈਣ ਮਾਲਵਿਕਾ ਨੇ ਬਹੁਤ ਕੰਮ ਕੀਤਾ ਹੈ। ਉਹ ਪੰਜਾਬ ਚੋਣਾਂ ਵਿੱਚ ਉਤਰੇਗੀ। ਉਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਉਹ ਪੰਜਾਬ ਦੀ ਸੇਵਾ ਕਰੇਗੀ। ਉਨ੍ਹਾਂ ਕਿਹਾ ਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਉਹ ਕਿਸ ਪਾਰਟੀ ਤੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨਾਲੋਂ ਸੋਚ ਜ਼ਿਆਦਾ ਜ਼ਰੂਰੀ ਹੈ। ਮਾਲਵਿਕਾ ਲੋਕਾਂ ਵੱਲੋਂ ਦਿੱਤੇ ਗਏ ਰੁਤਬੇ 'ਤੇ ਖਰੀ ਉਤਰੇਗੀ। ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਉਹ ਪਾਰਟੀ ਦਾ ਨਾਂ ਵੀ ਸਾਫ਼ ਕਰਨਗੇ।
ਇਸ ਤੋਂ ਪਹਿਲਾਂ ਸੋਨੂੰ ਸੂਦ ਦੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ। ਪਰ ਦੋ ਦਿਨ ਪਹਿਲਾਂ ਅਚਾਨਕ ਚੰਡੀਗੜ੍ਹ ਵਿੱਚ ਉਨ੍ਹਾਂ ਨੇ ਸੀਐਮ ਚਰਨਜੀਤ ਚੰਨੀ ਨਾਲ ਗੁਪਤ ਰੂਪ ਵਿੱਚ ਮੁਲਾਕਾਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ਦਾ ਰਸਤਾ ਉਨ੍ਹਾਂ ਲਈ ਖੁੱਲ੍ਹਾ ਹੈ।
ਸੋਨੂੰ ਸੂਦ ਭਾਵੇਂ ਸਿਆਸਤ ਵਿੱਚ ਆਉਣ ਬਾਰੇ ਕੁਝ ਨਾ ਕਹੇ ਪਰ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸੱਚਰ ਮੋਗਾ ਵਿੱਚ ਕਾਫੀ ਸਰਗਰਮ ਹੈ। ਚਰਚਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀ ਅਗਲੀ ਚੋਣ ਲੜ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਉਹ 'ਆਪ' ਜਾਂ ਕਾਂਗਰਸ ਪਾਰਟੀ ਦੀ ਸੀਟ ਤੋਂ ਚੋਣ ਲੜੇਗੀ। ਸੋਨੂੰ ਦੋਵਾਂ ਪਾਰਟੀਆਂ ਦੀ ਸਿਆਸੀ ਨਬਜ਼ ਵੀ ਚੈੱਕ ਕਰ ਰਹੇ ਹਨ।