ਮੁੱਢਲੀ ਤੋਂ ਉਚੇਰੀ ਸਿੱਖਿਆ ਤੱਕ ਹਰ ਪੜ੍ਹਾਈ ਨੂੰ ਆਮ ਲੋਕਾਂ ਦੀ ਪਹੁੰਚ 'ਚ ਯਕੀਨੀ ਬਣਾਉਣ ਕੇਂਦਰ ਅਤੇ ਸੂਬਾ ਸਰਕਾਰਾਂ : ਭਗਵੰਤ ਮਾਨ
ਆਮ ਆਦਮੀ ਪਾਰਟੀ (ਆਪ) ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜ਼ੋਰਦਾਰ ਅਪੀਲ ਕੀਤੀ ਹੈ
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਖਾਤਿਬ ਹੁੰਦਿਆਂ ਕਿਹਾ, "ਅਜੇ ਵੀ ਹਜ਼ਾਰਾਂ ਭਾਰਤੀ ਵਿਦਿਆਰਥੀ ਜਿੰਨ੍ਹਾ 'ਚ ਵੱਡੀ ਗਿਣਤੀ ਪੰਜਾਬੀ ਅਤੇ ਹਰਿਆਣਵੀ ਵਿਦਿਆਰਥੀਆਂ ਦੀ ਹੈ, ਯੂਕਰੇਨ 'ਚ ਫਸੇ ਹੋਏ ਹਨ। ਸਾਡੇ ਕੋਲ ਵੱਡੀ ਗਿਣਤੀ 'ਚ ਮਾਪੇ ਅਤੇ ਵਿਦਿਆਰਥੀ ਸੰਪਰਕ ਕਰ ਰਹੇ ਹਨ, ਜੋ ਕੀਵ, ਖਰਕੀਵ ਆਦਿ ਯੂਕਰੇਨੀ ਸ਼ਹਿਰਾਂ ਅਤੇ ਹੰਗਰੀ, ਪੋਲੈਂਡ, ਰੋਮਾਨੀਆ ਆਦਿ ਮੁਲਕਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ 'ਤੇ ਫਸੇ ਹੋਏ ਹਨ।
ਮਿਲ ਰਹੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਤੋਂ ਸਾਫ਼ ਹੈ ਕਿ ਭਾਰਤੀ ਸਰਕਾਰ ਖਾਸ ਕਰਕੇ ਭਾਰਤੀ ਦੂਤਾਵਾਸ ਆਪਣੇ ਨਾਗਰਿਕਾਂ-ਵਿਦਿਆਰਥੀਆਂ ਨਾਲ ਲੋੜੀਂਦਾ ਸੰਪਰਕ ਰੱਖਣ 'ਚ ਵੀ ਬੁਰੀ ਤਰ੍ਹਾਂ ਫੈਲ ਰਹੀ ਹੈ। ਜਦਕਿ ਅਜਿਹੀ ਸੰਵੇਦਨਸ਼ੀਲ ਸਥਿਤੀ 'ਚ ਪੋਲੈਂਡ, ਹੰਗਰੀ, ਬੇਲਾਰੂਸ, ਰੂਸ ਅਤੇ ਯੂਕਰੇਨ ਨਾਲ ਲੱਗਦੇ ਬਾਕੀ ਸਾਰੇ ਮੁਲਕਾਂ 'ਚ ਤਾਇਨਾਤ ਭਾਰਤੀ ਮੂਲ ਦੇ ਦੂਤਾਵਾਸਾਂ ਨੂੰ ਆਪਸੀ ਤਾਲਮੇਲ ਨਾਲ ਦਿਨ-ਰਾਤ ਇਸ ਮਿਸ਼ਨ 'ਚ ਜੁਟੇ ਹੋਣਾ ਚਾਹੀਦਾ ਸੀ, ਪ੍ਰੰਤੂ ਬਦਕਿਸਮਤੀ ਨਾਲ ਭਾਰਤੀ ਵਿਦੇਸ਼ ਮੰਤਰਾਲੇ ਅਤੇ ਸਾਡੇ ਦੂਤਾਵਾਸਾਂ ਦਾ ਸੰਬੰਧਿਤ ਮੁਲਕਾਂ ਨਾਲ ਤਾਲਮੇਲ ਬੇਹੱਦ ਢਿੱਲਾ ਰਿਹਾ ਹੈ, ਜਿਸਦੀ ਕੀਮਤ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਚੁਕਾਉਣੀ ਪੈ ਰਹੀ ਹੈ।"
ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇੱਕ ਕਮੇਟੀ ਗਠਿਤ ਕਰੇ ਜੋ ਇਹ ਯਕੀਨੀ ਬਣਾਏ ਕਿ ਯੂਕਰੇਨ ਤੋਂ ਵਾਪਿਸ ਆਏ ਵਿਦਿਆਰਥੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇੱਥੇ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਅਤੇ ਡਿਗਰੀਆਂ ਪੂਰੀਆਂ ਕਰ ਸਕਣ। ਭਗਵੰਤ ਮਾਨ ਨੇ ਇਸ ਗੱਲ 'ਤੇ ਫਿਰ ਜ਼ੋਰ ਦਿੱਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮੁੜ ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਵਿਚਾਰ ਕਰਨ ਅਤੇ ਕਮੀਆਂ ਨੂੰ ਦੂਰ ਕਰਨ ਲਈ ਚੰਗੀਆਂ ਨੀਤੀਆਂ ਅਤੇ ਠੋਸ ਕਦਮ ਚੁੱਕਣ।
ਮਾਨ ਨੇ ਕਿਹਾ ਕਿ ਵਿਦੇਸ਼ ਪੜ੍ਹਨ ਜਾ ਰਹੇ ਵਿਦਿਆਰਥੀ ਮੈਰਿਟ ਪੱਖੋਂ ਘੱਟ ਨਹੀਂ ਹਨ, ਸਗੋਂ ਉਹਨਾਂ ਨੂੰ ਯੂਕਰੇਨ ਵਰਗੇ ਦੇਸ਼ਾਂ ਵਿੱਚ ਭਾਰਤ ਨਾਲੋਂ ਕਿਤੇ ਜ਼ਿਆਦਾ ਸਸਤੀ ਪੜ੍ਹਾਈ ਦਾ ਮੌਕਾ ਮਿਲਦਾ ਹੈ ਇਸ ਲਈ ਉਹ ਇਹਨਾਂ ਦੇਸ਼ਾਂ ਦਾ ਰੁੱਖ ਕਰਦੇ ਹਨ। ਉਹਨਾਂ ਕਿਹਾ ਇਹ ਪਿਛਲੀਆਂ ਸਰਕਾਰਾਂ ਦੀਆਂ ਲਗਾਤਾਰ ਅਣਗਹਿਲੀਆਂ ਅਤੇ ਗ਼ਲਤੀਆਂ ਦਾ ਖਮਿਆਜ਼ਾ ਹੈ ਜੋ ਅੱਜ ਸਾਡੀ ਨੌਜਵਾਨ ਪੀੜ੍ਹੀ ਭੁਗਤ ਰਹੀ ਹੈ। ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਸਾਰੀ ਪੜ੍ਹਾਈ ਆਮ ਲੋਕਾਂ ਦੀ ਪਹੁੰਚ 'ਚ ਹੋਣੀ ਚਾਹੀਦੀ ਹੈ।