Punjab News : CM ਭਗਵੰਤ ਮਾਨ ਦੇ ਹਲਕੇ 'ਚ ਵਿਦਿਆਰਥੀ ਕਾਰਕੁੰਨ ਨਾਲ ਹੋਈ ਕੁੱਟਮਾਰ , ਵਿਦਿਆਰਥੀਆਂ ਨੇ ਧੂਰੀ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ
Punjab News : ਧੂਰੀ ਸ਼ੇਰਪੁਰ ਬਾਈਪਾਸ ਪੁਲ ਹੇਠ ਕੱਲ ਦੁਪਿਹਰ ਸਰਕਾਰੀ ਰਣਬੀਰ ਕਾਲਜ ਵਿੱਚ ਬੀਏ ਭਾਗ ਤੀਜਾ ਵਿੱਚ ਪੜਦੇ ਵਿਦਿਆਰਥੀ ਬੰਟੀ ਸਿੰਘ ਵਸਨੀਕ ਪਿੰਡ ਕਹੇਰੂ ਦੀ ਕੁੱਝ ਗੁੰਡਾ ਅਨਸਰਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
Punjab News : ਧੂਰੀ ਸ਼ੇਰਪੁਰ ਬਾਈਪਾਸ ਪੁਲ ਹੇਠ ਕੱਲ ਦੁਪਿਹਰ ਸਰਕਾਰੀ ਰਣਬੀਰ ਕਾਲਜ ਵਿੱਚ ਬੀਏ ਭਾਗ ਤੀਜਾ ਵਿੱਚ ਪੜਦੇ ਵਿਦਿਆਰਥੀ ਬੰਟੀ ਸਿੰਘ ਵਸਨੀਕ ਪਿੰਡ ਕਹੇਰੂ ਦੀ ਕੁੱਝ ਗੁੰਡਾ ਅਨਸਰਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸਦੇ ਖੱਬੀ ਅੱਖ 'ਤੇ ਜਖਮ ਹੈ,ਅੱਖ ਵਾਲੀ ਥਾਂ ਸੁੱਜੀ ਹੋਈ ਹੈ। ਸਰੀਰ 'ਤੇ ਗੁੱਝੀਆਂ ਸੱਟਾਂ ਹਨ। ਹੁਣ ਵਿਦਿਆਰਥੀ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਹੈ। ਇਹ ਵਿਦਿਆਰਥੀ ਰਣਬੀਰ ਕਾਲਜ ਵਿਚਲੀ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦਾ ਕਾਲਜ ਕਮੇਟੀ ਸਰਗਰਮ ਮੈਂਬਰ ਹੈ।
ਦਰਅਸਲ 'ਚ ਬੰਟੀ ਕਹੇਰੂ ਕਾਲਜ ਤੋਂ ਘਰ ਵਾਪਸੀ ਵੇਲੇ ਧੂਰੀ ਵਿਖੇ ਆਪਣੀ ਦਵਾਈ ਲੈਣ ਲਈ ਪੈਦਲ ਜਾ ਰਿਹਾ ਸੀ। ਇਸ ਮੌਕੇ ਹੀ ਗੁੰਡਾ ਅਨਸਰਾਂ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵਿਦਿਆਰਥੀ ਵੱਲੋਂ ਰੌਲਾ ਪਾਉਣ 'ਤੇ ਉਹ ਉਸਨੂੰ ਛੱਡ ਕੇ ਚਲੇ ਗਏ। ਹੁਣ ਉਹ ਸਿਵਲ ਹਸਪਤਾਲ ਧੂਰੀ ਦਾਖਲ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦਾ ਇੱਕ ਵਫ਼ਦ ਦਾਖਲ ਬੰਟੀ ਕਹੇਰੂ ਨੂੰ ਮਿਲਿਆ। ਜਥੇਬੰਦੀ ਨੇ ਥਾਣਾ ਸੀਟੀ ਵਿਖੇ ਇਸ ਮਾਮਲੇ ਬਾਰੇ ਸ਼ਿਕਾਇਤ ਦਰਜ ਕਰਵਾਈ ਅਤੇ ਗੁੰਡਾ ਅਨਸਰਾਂ 'ਤੇ ਪਰਚਾ ਦਰਜ ਕਰਕੇ ਫੌਰੀ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਨੇ ਦੱਸਿਆ ਕਿ ਪੰਜਾਬ ਵਿੱਚ ਗੁੰਡਾਗਰਦੀ, ਕਤਲ ਅਤੇ ਬਲਾਤਕਾਰ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਇਸ ਤਰ੍ਹਾਂ ਇਸ ਵਿਦਿਆਰਥੀ ਕਾਰਕੁੰਨ ਨੂੰ ਗੁੰਡਾ ਅਨਸਰਾਂ ਨੇ ਨਿਸ਼ਾਨਾ ਬਣਾਇਆ ਹੈ। ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਕਾਰਕੁਨਾਂ 'ਤੇ ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਜਥੇਬੰਦੀ ਨੇ ਮੰਗ ਕੀਤੀ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਗੁੰਡਾ ਅਨਸਰਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਅਤੇ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਬਲਜੀਤ ਸਿੰਘ ਨਮੋਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਧੂਰੀ ਬਲਾਕ ਦੇ ਆਗੂ ਮਨਜੀਤ ਸਿੰਘ ਜਹਾਂਗੀਰ, ਵਿਦਿਆਰਥੀ ਜਥੇਬੰਦੀ ਦੇ ਮੈਂਬਰ ਗੁਰਜਿੰਦਰ ਸਿੰਘ ਬਿੱਟੂ ਲਾਡਬੰਜਾਰਾ ਕਲਾਂ, ਅਮ੍ਰਿਤ ਸਿੰਘ ਬਾਲਦ ਕਲਾਂ,ਸਿਮਰ, ਸ਼ੈਟੀ ਆਦਿ ਹਾਜ਼ਰ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।