ਵਿਦਿਆਰਥਣਾਂ ਨਾਲ ਛੇੜਛਾੜ ਤੋਂ ਭੜਕੇ ਪਿੰਡ ਵਾਸੀ, ਅਧਿਆਪਕ ਸਸਪੈਂਡ
ਅੱਜ ਮੁਕਤਸਰ ਦੇ ਪਿੰਡ ਰਹੂੜੀਆਂ ਵਾਲੀ ਦੇ ਸਰਕਾਰੀ ਸਕੂਲ ਵਿੱਚ ਕਾਫੀ ਹੰਗਾਮਾ ਹੋਇਆ ਜਦੋਂ ਪਿੰਡ ਦੇ ਲੋਕ ਖੇਡਾਂ ਦੇ ਅਧਿਆਪਕ ਖਿਲਾਫ ਕਾਰਵਾਈ ਲਈ ਡਟ ਗਏ।
ਮੁਕਤਸਰ: ਅੱਜ ਮੁਕਤਸਰ ਦੇ ਪਿੰਡ ਰਹੂੜੀਆਂ ਵਾਲੀ ਦੇ ਸਰਕਾਰੀ ਸਕੂਲ ਵਿੱਚ ਕਾਫੀ ਹੰਗਾਮਾ ਹੋਇਆ ਜਦੋਂ ਪਿੰਡ ਦੇ ਲੋਕ ਖੇਡਾਂ ਦੇ ਅਧਿਆਪਕ ਖਿਲਾਫ ਕਾਰਵਾਈ ਲਈ ਡਟ ਗਏ। ਭੜਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਡੀਪੀ ਤਲਵਿੰਦਰਜੀਤ ਸਿੰਘ ਸਕੂਲੀ ਵਿਦਿਆਰਥਣਾਂ ਨਾਲ ਛੇੜਛਾੜ ਤੇ ਅਸ਼ਲੀਲ ਹਰਕਤਾਂ ਕਰ ਰਿਹਾ ਹੈ। ਉਸ ਖਿਲਾਫ ਪਿੰਡ ਵਾਸੀ ਸ਼ਿਕਾਇਤ ਕਰਨ ਪਹੁੰਚੇ ਤੇ ਪੁਲਿਸ ਨੇ ਵੀ ਮਾਮਲਾ ਵਿਗੜਦਾ ਦੇਖ ਸ਼ਿਕਾਇਤ ਦਰਜ ਕਰ ਲਈ। ਪੁੱਛਗਿੱਛ ਦੌਰਾਨ ਪਿੰਡ ਵਾਸੀਆਂ ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਪੁਲਿਸ ਨੂੰ ਦੱਸਿਆ ਕਿ ਡੀਪੀ ਤਲਵਿੰਦਰਜੀਤ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦੀ ਕੋਈ ਹੀ ਅਜਿਹੀ ਵਿਦਿਆਰਥਣ ਹੋਏਗੀ ਜੋ ਡੀਪੀ ਦੀਆਂ ਹਰਕਤਾਂ ਦਾ ਸ਼ਿਕਾਰ ਨਾ ਹੋਈ ਹੋਵੇ।
ਪੀੜਤ ਵਿਦਿਆਰਥਣਾਂ ਦੀ ਮੰਗ ਹੈ ਕਿ ਡੀਪੀ ਨੂੰ ਸਸਪੈਂਡ ਕਰ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਜਦਕਿ ਸਕੂਲ ਦੇ ਮੁੱਖ ਅਧਿਆਪਕ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਉੱਚ ਅਧਿਕਾਰੀਆਂ ਕੋਲ ਚਲਾ ਗਿਆ ਹੈ। ਡੀਪੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਤਲਵਿੰਦਰਜੀਤ ਨੂੰ ਵਿਭਾਗ ਨੇ ਮੁਅਤੱਲ ਕਰ ਦਿੱਤਾ ਹੈ।