ਕੋਰੋਨਾ ਮਹਾਮਾਰੀ ਕਰਕੇ ਸੁਖਬੀਰ ਨੇ ਲਾਏ ਕੈਪਟਨ ਨੂੰ ਰਗੜੇ ਤੇ ਕੇਂਦਰ ਨੂੰ ਪਲੋਸਿਆ
ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ, ਇਸ ਲਈ ਉਨ੍ਹਾਂ ਦੇ ਬਿਜਲੀ ਤੇ ਪਾਣੀ ਦੇ ਬਿਲ ਛੇ ਮਹੀਨਿਆਂ ਲਈ ਮੁਆਫ ਕੀਤੇ ਜਾਣ।
ਫ਼ਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਵਿੱਚ ਕਾਂਗਰਸ ਸਰਕਾਰ ਨੂੰ ਫੇਲ੍ਹ ਕਰਾਰ ਦਿੱਤਾ ਹੈ ਅਤੇ ਨਾਲ ਹੀ ਕੇਂਦਰ ਸਰਕਾਰ ਵੱਲ 'ਡੱਕਾ ਸੁੱਟਦੇ' ਦਿਖਾਈ ਦਿੱਤੇ। ਬਾਦਲ ਨੇ ਜਿੱਥੇ ਕੈਪਟਨ ਉੱਪਰ ਗ਼ੈਰ-ਜ਼ਿੰਮੇਵਾਰਾਨਾ ਮੁੱਖ ਮੰਤਰੀ ਹੋਣ ਦੇ ਦੋਸ਼ ਲਾਏ, ਉੱਥੇ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਸੂਬੇ ਦੇ ਲੋਕਾਂ ਵਾਸਤੇ ਬਿਜਲੀ ਬਿਲਾਂ ਦੀ ਮੁਆਫੀ ਸਮੇਤ ਹੋਰ ਰਾਹਤਾਂ ਦੀ ਮੰਗ ਵੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ, ਇਸ ਲਈ ਉਨ੍ਹਾਂ ਦੇ ਬਿਜਲੀ ਤੇ ਪਾਣੀ ਦੇ ਬਿਲ ਛੇ ਮਹੀਨਿਆਂ ਲਈ ਮੁਆਫ ਕੀਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਹਾਮਾਰੀ ਵਿੱਚ ਆਪਣੇ ਮਾਪੇ ਗੁਆ ਚੁੱਕੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਕਰਵਾਈ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇ। ਬਾਦਲ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੰਜਾਬ ਦੇ ਪਿੰਡਾਂ ਦੇ ਹਾਲਾਤ ਕਾਫੀ ਖ਼ਰਾਬ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਅਫ਼ਸਰ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਦੇ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਸਰਕਾਰੀ ਅੰਕੜਿਆਂ ਵਿੱਚ ਹੀ 250 ਤੋਂ 300 ਮੌਤਾਂ ਕੋਵਿਡ-19 ਕਰਕੇ ਹੋ ਰਹੀਆਂ ਹਨ ਪਰ ਅਸਲ ਵਿੱਚ ਇਹ ਅੰਕੜਾ ਕਿਤੇ ਵੀ ਵੱਧ ਹੈ। ਬਾਦਲ ਨੇ ਕਿਹਾ ਕਿ ਕੈਪਟਨ ਨੂੰ ਕੋਵਿਡ-19 ਤੋਂ ਬਚਣ ਲਈ ਦੋਵੇਂ ਟੀਕੇ ਲੱਗ ਚੁੱਕੇ ਹਨ ਅਤੇ ਇਸ ਲਈ ਉਹ ਖ਼ੁਦ ਆਪਣੇ ਫਾਰਮ ਹਾਊਸ ਵਿੱਚੋਂ ਬਾਹਰ ਆ ਕੇ ਲੋਕਾਂ ਵਿੱਚ ਵਿਚਰਣ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖੇਤੀ ਕਾਨੂੰਨਾਂ ਕਾਰਨ ਭਾਰਤੀ ਜਨਤਾ ਪਾਰਟੀ ਨਾਲ ਆਪਣਾ 'ਨਹੁੰ-ਮਾਸ' ਵਾਲਾ ਰਿਸ਼ਤਾ ਤੋੜਨ ਦੇ ਬਾਵਜੂਦ ਬਾਦਲ ਨੂੰ ਕੇਂਦਰ ਦੇ ਕੋਰੋਨਾ ਪ੍ਰਬੰਧਨ ਤਰੀਕਿਆਂ ਵਿੱਚ ਕੋਈ ਖ਼ਾਮੀ ਨਹੀਂ ਲੱਗੀ, ਸਗੋਂ ਕੇਂਦਰ ਦੀਆਂ 'ਕੋਸ਼ਿਸ਼ਾਂ' ਨੂੰ ਬੇਅਸਰ ਕਰਨ ਦਾ ਦੋਸ਼ ਵੀ ਪੰਜਾਬ ਸਰਕਾਰ 'ਤੇ ਲਾਇਆ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਵਿਡ ਮਹਾਮਾਰੀ ਨੂੰ ਰੋਕਣ ਲਈ ਟੀਕਾਕਰਨ ਸਹੀ ਢੰਗ ਨਾਲ ਨਹੀਂ ਕਰ ਰਹੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਾਬਾ ਫਰੀਦ ਯੂਨੀਵਰਿਸਟੀ ਲਈ 800 ਵੈਂਟੀਲੇਟਰ ਭੇਜੇ ਜਿਨ੍ਹਾਂ ਨੂੰ ਡੱਬਿਆਂ ਵਿੱਚੋਂ ਹੀ ਨਹੀਂ ਖੋਲ੍ਹਿਆ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਵੈਂਟੀਲੇਟਰਾਂ ਦੀ ਤਕਰੀਬਨ ਸਾਰੀ ਹੀ ਖੇਪ ਖਰਾਬ ਹੈ ਅਤੇ ਕੇਂਦਰੀ ਸਿਹਤ ਮੰਤਰੀ ਨੇ ਠੀਕ ਮਸ਼ੀਨਾਂ ਭੇਜਣ ਦੀ ਗੱਲ ਵੀ ਕਹੀ ਸੀ।
ਉੱਧਰ, ਕਾਂਗਰਸ ਦੇ ਅੰਦਰੂਨੀ ਕਲੇਸ਼ ਬਾਰੇ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਬੇੜੀ ਡੁੱਬ ਰਹੀ ਹੈ, ਜਿਸ ਕਾਰਨ ਚੂਹੇ ਬਾਹਰ ਵੱਲ ਛਾਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਮੌਜਾਂ ਮਾਣਨ ਵਾਲੇ ਹੁਣ ਡੁੱਬਦੀ ਬੇੜੀ ਵਿੱਚੋਂ ਬਾਹਰ ਆ ਰਹੇ ਹਨ।
ਸੁਖਬੀਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਗੁਰਦੁਆਰਾ ਵਾਜਿਦਪੁਰ ਦੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਿੱਚ 25 ਬੈੱਡਾਂ ਵਾਲਾ ਕੋਵਿਡ ਹਸਪਤਾਲ ਸ਼ੁਰੂ ਕਰਨ ਲਈ ਫ਼ਿਰੋਜ਼ਪੁਰ ਆਏ ਸਨ। ਇਸ ਹਸਪਤਾਲ ਵਿੱਚ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦਾ ਸਟਾਫ ਤਾਇਨਾਤ ਕੀਤਾ ਗਿਆ ਹੈ ਅਤੇ ਇੱਥੇ ਆਕਸੀਜਨ ਕਨਸਨਟ੍ਰੇਟਰਜ਼ ਦੀ ਸੁਵਿਧਾ ਵੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੂਬੇ ਵਿੱਚ ਇਹ ਚੌਥਾ ਕੋਵਿਡ ਹਸਪਤਾਲ ਕਾਇਮ ਕੀਤਾ ਗਿਆ ਹੈ ਜਿਸ ਵਿੱਚ ਕੋਵਿਡ ਦੇ ਦੂਜੇ ਲੈਵਲ ਤੱਕ ਦੇ ਮਰੀਜ਼ਾਂ ਦਾ ਇਲਾਜ ਹੋ ਸਕਦਾ ਹੈ ਅਤੇ ਕਮੇਟੀ ਵੱਲੋਂ ਆਉਂਦੇ ਦਿਨਾਂ ਵਿੱਚ ਚਾਰ ਹਸਪਤਾਲ ਹੋਰ ਬਣਾਉਣ ਦਾ ਟੀਚਾ ਹੈ।