ਲੈਂਡ ਪੂਲਿੰਗ ਨੀਤੀ ਵਿਰੁੱਧ ਸੁਖਬੀਰ ਬਾਦਲ ਦਾ ਵੱਡਾ ਐਲਾਨ, ਅਕਾਲੀ ਦਲ ਲਾਵੇਗਾ ਪੱਕਾ ਮੋਰਚਾ
Punjab News: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਲੈਂਡ ਪੂਲਿੰਗ ਨੀਤੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਕੋਰ, ਵਰਕਿੰਗ ਕਮੇਟੀ, ਜ਼ਿਲ੍ਹਾ ਮੁਖੀਆਂ ਅਤੇ ਹਲਕਾ ਇੰਚਾਰਜਾਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਹੈ।

Punjab News: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅੱਜ ਲੈਂਡ ਪੂਲਿੰਗ ਨੀਤੀ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਤੇਜ਼ ਕਰਨ ਲਈ ਕੋਰ, ਵਰਕਿੰਗ ਕਮੇਟੀ, ਜ਼ਿਲ੍ਹਾ ਮੁਖੀਆਂ ਅਤੇ ਹਲਕਾ ਇੰਚਾਰਜਾਂ ਨਾਲ ਇੱਕ ਸਾਂਝੀ ਮੀਟਿੰਗ ਕੀਤੀ ਹੈ। ਇਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੀ Land Grabbing Scheme ਖਿਲਾਫ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਵਲੋਂ ਐਲਾਨ ਕੀਤਾ ਗਿਆ ਹੈ ਕਿ 1 ਸਤੰਬਰ ਤੋਂ ਪੱਕਾ ਮੋਰਚਾ ਲੱਗੇਗਾ, ਜਿਸ ਦੀ ਪਹਿਲੇ ਦਿਨ ਅਗਵਾਈ ਖ਼ੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਤੋਂ ਬਾਅਦ ਵੱਖ-ਵੱਖ ਲੀਡਰਸ਼ਿਪ ਦੀ ਡਿਊਟੀ ਲਾਈ ਗਈ ਹੈ, ਜੋ ਕਿ ਇਸ ਮੋਰਚੇ ਨੂੰ ਸਾਂਭੇਗੀ।
ਇਹ ਮੋਰਚਾ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਤੋਂ ਅਰਦਾਸ ਕਰਕੇ ਰਵਾਨਾ ਹੋਇਆ ਕਰੇਗਾ। ਉੱਥੇ ਹੀ ਇਸ ਮੋਰਚੇ ਦੀ ਅਰੰਭਤਾ 31 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਠ ਆਰੰਭ ਕਰਵਾਕੇ ਕੀਤੀ ਜਾਵੇਗੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮੋਰਚਾ ਅਰਵਿੰਦ ਕੇਜਰੀਵਾਲ ਦੀ ਮੋਹਾਲੀ ਵਾਲੀ ਰਿਹਾਇਸ਼ ਦੇ ਬਾਹਰ ਲੱਗੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਦੋਂ ਤੱਕ Land Grabbing Scheme ਵਾਪਿਸ ਨਹੀਂ ਹੁੰਦੀ, ਉਦੋਂ ਤੱਕ ਮੋਰਚਾ ਜਾਰੀ ਰਹੇਗਾ।
ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ, ਪਾਰਟੀ ਵਿੱਚ ਵਾਪਸ ਆਓ - ਬਾਦਲ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋ ਘੰਟੇ ਚੱਲੀ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੱਲ੍ਹ ਜਾਰੀ ਕੀਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਸਾਰੀ ਕੌਮ ਇੱਕਜੁੱਟ ਹੋਣੀ ਚਾਹੀਦੀ ਹੈ ਅਤੇ ਸਾਰੇ ਧੜੇ ਇਕੱਠੇ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ, ਮੈਂ ਸਪੱਸ਼ਟ ਕਰਦਾ ਹਾਂ ਕਿ ਤਖ਼ਤ ਤੋਂ ਜੋ ਵੀ ਹੁਕਮ ਆਏ ਹਨ, ਅਸੀਂ ਪਹਿਲਾਂ ਵੀ ਉਹ ਮੰਨਦੇ ਆਏ ਹਾਂ ਅਤੇ ਮੰਨਦੇ ਵੀ ਰਹਾਂਗੇ।"
"ਤਖ਼ਤ ਦਾ ਹੁਕਮ ਇਹ ਹੈ ਕਿ ਅੱਜ ਸਾਡੇ ਭਾਈਚਾਰੇ, ਧਰਮ ਅਤੇ ਪੰਜਾਬ 'ਤੇ ਵੱਡੇ ਹਮਲੇ ਹੋ ਰਹੇ ਹਨ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਭਾਈਚਾਰੇ ਦੀ ਪਾਰਟੀ ਰਿਹਾ ਹੈ।"
"ਬਹੁਤ ਸਾਰੇ ਸਾਥੀ ਸਾਡੇ ਤੋਂ ਨਾਰਾਜ਼ ਹੋ ਗਏ ਅਤੇ ਵੱਖ ਹੋ ਗਏ ਅਤੇ ਆਪਣੇ-ਆਪਣੇ ਗਰੁੱਪ ਬਣਾ ਲਏ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਉਹ ਪਾਰਟੀ ਵਿੱਚ ਵਾਪਸ ਆਉਣ। ਜੇਕਰ ਤੁਸੀਂ ਮੇਰੇ ਨਾਲ ਨਾਰਾਜ਼ ਹੋ, ਤਾਂ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ। ਅਸੀਂ ਤੁਹਾਡਾ ਦਿਲੋਂ ਸਵਾਗਤ ਕਰਾਂਗੇ।"
ਮਜੀਠੀਆ ਮਾਮਲੇ ਨੂੰ ਲੈਕੇ ਰਾਜਪਾਲ ਨਾਲ ਕਰਾਂਗੇ ਮੁਲਾਕਾਤ
ਬਿਕਰਮ ਸਿੰਘ ਮਜੀਠੀਆ ਵਿਰੁੱਧ ਝੂਠੇ ਕੇਸ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪਿਛਲੇ ਪੰਜ ਸਾਲਾਂ ਵਿੱਚ ਵੱਖ-ਵੱਖ ਐਸਆਈਟੀ ਬਣਾਈਆਂ ਗਈਆਂ ਸਨ, ਪਰ ਹੁਣ ਤੱਕ ਕੋਈ ਚਲਾਨ ਪੇਸ਼ ਨਹੀਂ ਕੀਤਾ ਗਿਆ। ਹੁਣ ਮਾਝਾ ਖੇਤਰ ਦੇ ਵਰਕਰਾਂ 'ਤੇ ਉਨ੍ਹਾਂ ਵਿਰੁੱਧ ਬਿਆਨ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਅਸੀਂ ਇਹ ਸਾਰਾ ਮਾਮਲਾ ਰਾਜਪਾਲ ਕੋਲ ਲੈ ਜਾ ਰਹੇ ਹਾਂ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸਰਕਾਰ ਕਿਵੇਂ ਕੰਮ ਕਰ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ 'ਤੇ ਕਿਸਾਨਾਂ 'ਤੇ ਹਮਲਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਾਰਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਦੇਸ਼ ਭਰ ਵਿੱਚ ਆਪਣਾ ਸੰਗਠਨ ਸਥਾਪਤ ਕਰਨ ਵਿੱਚ ਲੱਗੀ ਹੋਈ ਹੈ।






















