Punjab News: ਸੁਖਬੀਰ ਬਾਦਲ ਨੇ ਨੌਜਵਾਨਾਂ ਲਈ ਸਿਆਸਤ 'ਚ ਆ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਨਵੇਂ ਰਾਹ ਖੋਲ੍ਹੇ: ਸਰਬਜੀਤ ਸਿੰਘ ਝਿੰਜਰ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਲਾਂ ਲਈ ਸਿਆਸਤ ਵਿਚ ਆ ਕੇ ਪੰਜਾਬ ਦੀ ਸੇਵਾ ਕਰਨ...
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਲਾਂ ਲਈ ਸਿਆਸਤ ਵਿਚ ਆ ਕੇ ਪੰਜਾਬ ਦੀ ਸੇਵਾ ਕਰਨ ਵਾਸਤੇ ਨਵੇਂ ਰਾਹ ਖੋਲ੍ਹੇ ਹਨ ਤੇ ਹੁਣ ਅਕਾਲੀ ਦਲ ਇਕਲੌਤੀ ਪਾਰਟੀ ਬਣ ਗਈ ਹੈ ਜਿਸ ਵਿਚ ਸਿਫਾਰਸ਼ੀ ਸਭਿਆਚਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਤੇ ਮਿਹਨਤ ਦੇ ਬਲਬੂਤੇ ਨੌਜਵਾਨ ਅੱਗੇ ਵੱਧ ਸਕਣਗੇ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹਮੇਸ਼ਾ ਪਾਰਟੀ ਵਿਚ ਨੌਜਵਾਨ ਵਰਗ ਨੂੰ ਅੱਗੇ ਲਿਆਉਣ ਦਾ ਵਕਾਲਤ ਕਰਦੇ ਰਹੇ ਹਨ ਤੇ ਹੁਣ ਤਾਂ ਉਹਨਾਂ ਪਾਰਟੀ ਦੇ ਸਾਰੇ ਅਹੁਦਿਆਂ ’ਤੇ 50 ਫੀਸਦੀ ਰਾਖਵਾਂਕਰਨ ਨੌਜਵਾਨਾਂ ਵਾਸਤੇ ਕਰਨ ਦਾ ਐਲਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਹੀ ਪੰਜਾਬ ਤੇ ਭਾਰਤ ਦੀ ਭਵਿੱਖੀ ਸ਼ਕਤੀ ਹਨ ਤੇ ਜਿਸ ਪਾਰਟੀ ਨਾਲ ਨੌਜਵਾਨ ਵਰਗ ਸਭ ਤੋਂ ਵੱਧ ਜੁੜਿਆ ਹੋਵੇਗਾ, ਉਹੀ ਪਾਰਟੀ ਸਭ ਤੋਂ ਵੱਧ ਕਾਮਯਾਬ ਹੋਵੇਗੀ।
ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਅਕਾਲੀ ਦਲ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਹੁਣ ਨਵੀਂਆਂ ਨੀਤੀਆਂ ਤੈਅ ਕੀਤੀਆਂ ਹਨ ਜਿਸ ਮੁਤਾਬਕ 2 ਹਜ਼ਾਰ ਤੋਂ ਵੱਧ ਮੈਂਬਰਾਂ ਦੀ ਭਰਤੀ ਕਰਨ ਵਾਲਾ ਆਗੂ ਜ਼ਿਲ੍ਹਾ ਯੂਥ ਵਿੰਗ ਪ੍ਰਧਾਨਗੀ ਦਾ ਦਾਅਵੇਦਾਰ ਹੋਵੇਗਾ ਤੇ 250 ਮੈਂਬਰ ਭਰਤੀ ਕਰਨ ਵਾਲਾ ਸੂਬਾ ਬਾਡੀ ਦੀ ਮੈਂਬਰਸ਼ਿਪ ਦਾ ਦਾਅਵੇਦਾਰ ਹੋ ਸਕੇਗਾ। ਉਹਨਾਂ ਕਿਹਾ ਕਿ ਇਸੇ ਤਰੀਕੇ ਸਾਰੇ ਯੂਥ ਬਾਡੀ ਦੀ ਮੈਂਬਰਸ਼ਿਪ ਤੇ ਅਹੁਦੇਦਾਰਾਂ ਦੀ ਚੋਣ ਵਾਸਤੇ ਨਿਯਮ ਤੈਅ ਕੀਤੇ ਗਏ ਹਨ ਤੇ ਹੁਣ ਸਿਰਫ ਨਿਯਮਾਂ ’ਤੇ ਖਰ੍ਹਾ ਉਤਰਣ ਵਾਲਾ ਹੀ ਯੂਥ ਅਕਾਲੀ ਦਲ ਦਾ ਅਹੁਦੇਦਾਰ ਬਣ ਸਕਦਾ ਹੈ।
ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਿਯਮ ਤੈਅ ਕਰ ਕੇ ਜਿਥੇ ਨੌਜਵਾਨਾਂ ਦੀ ਸਿਆਸਤ ਵਿਚ ਐਂਟਰੀ ਦੇ ਰਾਹ ਖੋਲ੍ਹੇ ਹਨ, ਉਥੇ ਹੀ ਨੌਜਵਾਨ ਵਰਗ ਨੂੰ ਮਿਹਨਤ ਕਰਨ ਵਾਸਤੇ ਵੀ ਪ੍ਰੇਰਿਆ ਹੈ। ਉਹਨਾਂ ਕਿਹਾ ਕਿ ਨੌਜਵਾਨ ਵਰਗ ਵੱਧ ਤੋਂ ਵੱਧ ਗਿਣਤੀ ਵਿਚ ਅਕਾਲੀ ਦਲ ਨਾਲ ਜੁੜਨਾ ਚਾਹੁੰਦਾ ਹੈ ਤੇ ਨੌਜਵਾਨ ਵਰਗ ਨੇ ਮਹਿਸੂਸ ਕਰ ਲਿਆ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ।