ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰੰਧਾਵਾ ਦੀ ਚਿੱਠੀ ਤੋਂ ਭੜਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਪੰਥਕ ਮਸਲਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖਫਾ ਹਨ।
ਅੰਮ੍ਰਿਤਸਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖਫਾ ਹਨ। ਐਡਵੋਕੇਟ ਧਾਮੀ ਨੇ ਰੰਧਾਵਾ ਨੂੰ ਆਪਣੀ ਪੀੜ੍ਹੀ ਹੇਠ ਝਾਕਣ ਲਈ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਥਕ ਮਸਲਿਆਂ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਉਸ ਦੀ ਮਾਂ ਪਾਰਟੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਦੇ ਖਾਤਮੇ ਦਾ ਕੋਝਾ ਯਤਨ ਕੀਤਾ ਸੀ।
ਉਨ੍ਹਾਂ ਸਵਾਲ ਕੀਤਾ ਕਿ ਕੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਉਣ ਦੀ ਹਿੰਮਤ ਕਰਨਗੇ? ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬ ਦੇ ਉੱਪ ਮੁੱਖ ਮੰਤਰੀ ਨੂੰ ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲੀਆਂ ਨਾਲ ਜ਼ਖ਼ਮੀ ਕੀਤੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੱਲ ਧਿਆਨ ਦਵਾਉਂਦਿਆਂ ਆਖਿਆ ਕਿ ਕਾਂਗਰਸ ਵੱਲੋਂ ਕੀਤੀ ਇਹ ਬੇਅਦਬੀ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਕਦੀ ਨਹੀਂ ਭੁੱਲਣਗੀਆਂ।
ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀ ਕਾਂਗਰਸ ਜਮਾਤ ਦੇ ਆਗੂਆਂ ਨੂੰ ਪੰਥ ਦੀਆਂ ਗੱਲਾਂ ਕਰਨ ਦਾ ਕੋਈ ਹੱਕ ਨਹੀਂ ਤੇ ਸਿੱਖਾਂ ਦੀ ਕਾਤਲ ਜਮਾਤ ਦੇ ਆਗੂਆਂ ਨੂੰ ਆਪਣੀ ਪਾਰਟੀ ਦੇ ਕੁਕਰਮਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਇਸ ਦੇ ਮਾਨਯੋਗ ਜਥੇਦਾਰ ਸਾਹਿਬ ਦੀ ਸ਼ਾਨ ਬਹੁਤ ਉੱਚੀ ਹੈ ਪਰ ਕਾਂਗਰਸ ਦੇ ਇਹ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਨੂੰ ਢਾਹ ਲਗਾਉਣ ਦੇ ਰਸਤੇ ਤੁਰੇ ਹੋਏ ਹਨ। ਇਨ੍ਹਾਂ ਦਾ ਮੰਤਵ ਕੌਮ ਅੰਦਰ ਦੁਬਿਧਾ ਪੈਦਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਬੀਤੇ ਦਿਨਾਂ ’ਚ ਆਪੇ ਬਣੇ ਜਥੇਦਾਰਾਂ ਸਾਹਮਣੇ ਇਨ੍ਹਾਂ ਆਗੂਆਂ ਦਾ ਸੜਕ ’ਤੇ ਖੜ੍ਹ ਕੇ ਪੇਸ਼ ਹੋਣਾ ਹੈ। ਇਹ ਲੋਕ ਅਜਿਹੀਆਂ ਹਰਕਤਾਂ ਕੇਵਲ ਪੰਥ ਨੂੰ ਕਮਜ਼ੋਰ ਕਰਨ ਦੀ ਮਨਸ਼ਾ ਨਾਲ ਹੀ ਕਰ ਰਹੇ ਹਨ। ਉਨ੍ਹਾਂ ਸੁਖਜਿੰਦਰ ਰੰਧਾਵਾ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹੱਦ ਅੰਦਰ ਰਹਿਣ ਤੇ ਪੰਥਕ ਮਸਲਿਆਂ ਵਿੱਚ ਦਖ਼ਲ ਨਾ ਦੇਣ।