Hoshiarpur Child dies after falling into borewell Case: ਬੋਰਵੈੱਲ 'ਚ ਡਿੱਗ ਕੇ ਬੱਚੇ ਦੀ ਮੌਤ ਮਗਰੋਂ ਕੇਸ ਦਰਜ ਹੋਣ 'ਤੇ ਬੋਲਿਆ ਕਿਸਾਨ, ਬੋਰ ਨੂੰ ਲੋਹੇ ਦੇ ਢੱਕਣ ਨਾਲ ਢਕਿਆ ਸੀ ਜੋ ਚੋਰੀ ਹੋ ਗਿਆ
FIR against the Land Owner: ਸਤਬੀਰ ਸਿੰਘ ਨੇ ਦਾਅਵਾ ਕੀਤਾ ਕਿ ਬੋਰ ਨੂੰ ਲੋਹੇ ਦੇ ਢੱਕਣ ਨਾਲ ਢਕਿਆ ਹੋਇਆ ਸੀ ਜੋ ਕਿਸੇ ਚੋਰ ਵੱਲੋਂ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਟਰ ਖਰਾਬ ਹੋਣ ਕਾਰਨ ਕਈ ਦਿਨ ਪਹਿਲਾਂ ਹੀ ਬਾਹਰ ਕੱਢੀ ਗਈ ਸੀ।
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲ ਦੇ ਨਾਲ ਲੱਗਦੇ ਪਿੰਡ ਖਿਆਲਾ ਬੁਲੰਦਾ 'ਚ ਬੀਤੇ ਕੱਲ੍ਹ ਬੋਰਵੈੱਲ 'ਚ ਡਿੱਗਣ ਮਗਰੋਂ 6 ਸਾਲਾ ਰਿਤਿਕ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਹੁਣ ਪੁਲਿਸ ਨੇ ਜ਼ਮੀਨ ਮਾਲਕ 'ਤੇ ਪਰਚਾ ਦਰਜ ਕਰ ਦਿੱਤਾ ਹੈ।
ਉਧਰ, ਐਫਆਈਆਰ ਦਰਜ ਹੋਣ ਤੋਂ ਬਾਅਦ ਬੋਰ ਦੇ ਮਾਲਕ ਸਤਵੀਰ ਸਿੰਘ ਨੇ ਇਸ ਨੂੰ ਝੂਠੀ ਕਾਰਵਾਈ ਕਰਾਰ ਦਿੰਦਿਆਂ ਅਦਾਲਤ ਵਿੱਚ ਜਾ ਕੇ ਇਨਸਾਫ਼ ਲੈਣ ਦਾ ਦਾਅਵਾ ਕੀਤਾ ਹੈ। ਬੋਰਵੈਲ ਦੇ ਮਾਲਕ ਸਤਬੀਰ ਸਿੰਘ ਨੇ ਕਿਹਾ ਕਿ ਬੋਰ ਤੇ ਤਿੰਨ ਤੋਂ ਸਾਢੇ ਤਿੰਨ ਫੁੱਟ ਉੱਚਾ ਪਾਈਪ ਸੀ। ਇਸ ਕਰਕੇ ਬੱਚਾ ਸਿੱਧੇ ਤੌਰ ਉੱਤੇ ਬੋਰ ਵਿੱਚ ਨਹੀਂ ਡਿੱਗ ਸਕਦਾ ਸੀ।
ਸਤਬੀਰ ਸਿੰਘ ਨੇ ਦਾਅਵਾ ਕੀਤਾ ਕਿ ਬੋਰ ਨੂੰ ਲੋਹੇ ਦੇ ਢੱਕਣ ਨਾਲ ਢਕਿਆ ਹੋਇਆ ਸੀ ਜੋ ਕਿਸੇ ਚੋਰ ਵੱਲੋਂ ਚੋਰੀ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਟਰ ਖਰਾਬ ਹੋਣ ਕਾਰਨ ਕਈ ਦਿਨ ਪਹਿਲਾਂ ਹੀ ਬਾਹਰ ਕੱਢੀ ਗਈ ਸੀ। ਉਨ੍ਹਾਂ ਆਪਣਾ ਪੱਖ ਅਦਾਲਤ ਵਿੱਚ ਰੱਖਣ ਦੀ ਗੱਲ ਕਹੀ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਖੇਤਰ ਦੇ ਪਿੰਡ ਬੈਰਾਮਪੁਰ ਦੇ ਬੋਰਵੈੱਲ 'ਚ ਡਿੱਗਾ 6 ਸਾਲਾ ਰਿਤਿਕ ਬਾਹਰ ਤਾਂ ਕੱਢ ਲਿਆ ਗਿਆ। ਪਰ ਉਸਦੀ ਜਾਨ ਨਹੀਂ ਬਚ ਸਕੀ। ਬੱਚੇ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਹ ਬੱਚਾ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਖੇਡਦੇ ਇਸ ਬੱਚੇ ਪਿੱਛੇ ਇੱਕ ਕੁੱਤਾ ਪੈ ਪਿਆ। ਕੁੱਤੇ ਤੋਂ ਬਚਣ ਲਈ ਇਹ ਛੇ ਸਾਲਾ ਬੱਚਾ ਦੌੜਦੇ ਹੋਏ ਖੇਤਾਂ ਵਿੱਚ ਬਣੇ ਬੋਰਵੈੱਲ ਦੀ ਢਾਈ ਫੁੱਟ ਉੱਚੀ ਪਾਈਪ ’ਤੇ ਚੜ੍ਹ ਗਿਆ ਤੇ ਉੱਥੋਂ ਪਾਈਪ ਵਿੱਚ ਜਾ ਡਿੱਗਾ।
ਪਰਵਾਸੀ ਮਜ਼ਦੂਰ ਰਾਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਜੋ ਕਿ ਥੋੜ੍ਹਾ ਮੰਦਬੁੱਧੀ ਸੀ, ਐਤਵਾਰ ਨੂੰ ਖੇਤਾਂ ਵਿੱਚ ਖੇਡ ਰਿਹਾ ਸੀ। ਉਸ ਪਿੱਛੇ ਪਏ ਆਵਾਰਾ ਕੁੱਤਿਆਂ ਤੋਂ ਬਚਣ ਲਈ ਉਹ ਖੇਤਾਂ ਵਿਚਲੇ ਇੱਕ ਬੋਰਵੈੱਲ ਦੀ ਪਾਈਪ ਉੱਤੇ ਚੜ੍ਹ ਗਿਆ ਸੀ। ਬੋਰਵੈੱਲ ਸਾਦੀ ਬੋਰੀ ਨਾਲ ਢੱਕਿਆ ਹੋਇਆ ਸੀ ਜੋ ਬੱਚੇ ਚੜ੍ਹਨ ਕਾਰਨ ਫਟ ਗਈ ਤੇ ਰਿਤਿਕ ਬੋਰਵੈੱਲ ਵਿੱਚ ਜਾ ਡਿੱਗਿਆ। ਫੌਜ, ਕੌਮੀ ਰਾਹਤ ਬਲ (ਐਨਡੀਆਰਐਫ) ਜ਼ਿਲ੍ਹਾ ਪੁਲਿਸ ਤੇ ਸਥਾਨਕ ਵਲੰਟੀਅਰਾਂ ਨੇ ਬੱਚੇ ਨੂੰ ਬੋਰਵੈੱਲ ਵਿੱਚੋਂ ਜਿਊਂਦਾ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ।