Tarn Taran Election: ਤਰਨ ਤਾਰਨ 'ਚ ਭਖ ਗਿਆ ਚੋਣ ਮਾਹੌਲ! ਪੰਥਕ ਮੁੱਦਿਆਂ ਦੁਆਲੇ ਘੁੰਮਣ ਲੱਗੀ ਸੂਈ, ਲੀਡਰਾਂ ਦੀਆਂ ਧੜਕਣਾਂ ਤੇਜ਼
Tarn Taran Election 2025: ਪੰਜਾਬ ਦੀ ਪੰਥਕ ਸੀਟ ਤਰਨ ਤਾਰਨ ਵਿੱਚ ਚੋਣ ਮਾਹੌਲ ਭਖ ਗਿਆ ਹੈ। ਬੇਸ਼ੱਕ ਤਰਨ ਤਾਰਨ ਜ਼ਿਮਨੀ ਚੋਣ ’ਚ ਦੋ ਔਰਤਾਂ ਸਣੇ 15 ਉਮੀਦਵਾਰ ਚੋਣ ਮੈਦਾਨ ’ਚ ਹਨ ਪਰ ਚਰਚਾ ਚਾਰ ਵੱਡੀਆਂ ਪਾਰਟੀਆਂ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ‘ਵਾਰਸ ਪੰਜਾਬ ਦੇ’ਦੀ ਹੀ ਹੈ।

Tarn Taran Election 2025: ਪੰਜਾਬ ਦੀ ਪੰਥਕ ਸੀਟ ਤਰਨ ਤਾਰਨ ਵਿੱਚ ਚੋਣ ਮਾਹੌਲ ਭਖ ਗਿਆ ਹੈ। ਬੇਸ਼ੱਕ ਤਰਨ ਤਾਰਨ ਜ਼ਿਮਨੀ ਚੋਣ ’ਚ ਦੋ ਔਰਤਾਂ ਸਣੇ 15 ਉਮੀਦਵਾਰ ਚੋਣ ਮੈਦਾਨ ’ਚ ਹਨ ਪਰ ਚਰਚਾ ਚਾਰ ਵੱਡੀਆਂ ਪਾਰਟੀਆਂ ਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ‘ਵਾਰਸ ਪੰਜਾਬ ਦੇ’ਦੀ ਹੀ ਹੈ। ਇਸ ਵਾਰ ਚੋਣ ਮੈਦਾਨ ਵਿੱਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ, ਕਾਂਗਰਸ ਦੇ ਕਰਨਬੀਰ ਸਿੰਘ ਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਅਕਾਲੀ ਦਲ ‘ਵਾਰਸ ਪੰਜਾਬ ਦੇ’ ਮਨਦੀਪ ਸਿੰਘ ਹਨ।
ਦੱਸ ਦਈਏ ਕਿ ਤਰਨ ਤਾਰਨ ਜ਼ਿਮਨੀ ਚੋਣ 11 ਨਵੰਬਰ ਨੂੰ ਹੋ ਰਹੀ ਹੈ। ਤਰਨ ਤਾਰਨ ਦੀ ਸੀਟ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖ਼ਾਲੀ ਹੋਈ ਹੈ। ਤਰਨ ਤਾਰਨ ਜ਼ਿਮਨੀ ਚੋਣ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਡੇਢ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਸੀਟ ਬੇਹੱਦ ਵਕਾਰੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਅਗਲੀਆਂ ਚੋਣਾਂ ’ਤੇ ਪੈਣਾ ਹੈ। ਇਹ ਚੀਜ਼ ਦੂਜੀਆਂ ਧਿਰਾਂ ਉਪਰ ਲਾਗੂ ਹੁੰਦੀ ਹੈ। ਉਂਝ ਸਭ ਤੋਂ ਵੱਡੀ ਅਗਨੀ ਪ੍ਰੀਖਿਆ ਸ਼੍ਰੋਮਣੀ ਅਕਾਲੀ ਦਲ ਲਈ ਹੈ। ਜੇਕਰ ਇਸ ਪੰਥਕ ਹਲਕੇ ਤੋਂ ਵੀ ਅਕਾਲੀ ਦਲ ਨੂੰ ਹੁੰਗਾਰਾ ਨਹੀਂ ਮਿਲਦਾ ਤਾਂ ਪਹਿਲਾਂ ਹੀ ਦੋਫਾੜ ਹੋਈ ਪਾਰਟੀ ਲਈ ਸੰਕਟ ਹੋਰ ਗਹਿਰਾ ਸਕਦਾ ਹੈ।
ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਵਿੱਚ ਪੰਥਕ ਮੁੱਦਿਆਂ ਨੂੰ ਉਭਾਰ ਰਿਹਾ ਹੈ। ਇਸ ਦੇ ਨਾਲ ਹੀ ਕਈ ਅਕਾਲੀ ਧੜਿਆਂ ਵੱਲੋਂ ਅਕਾਲੀ ਦਲ ‘ਵਾਰਸ ਪੰਜਾਬ ਦੇ’ ਦੇ ਉਮੀਦਵਾਰ ਮਨਦੀਪ ਸਿੰਘ ਨੂੰ ਹਮਾਇਤ ਦੇਣ ਕਰਕੇ ਹਲਕੇ ਵਿੱਚ ਮੁੱਖ ਮੁੱਦਾ ਵੀ ਪੰਥਕ ਮਸਲੇ ਬਣਦਾ ਜਾ ਰਿਹਾ ਹੈ। ਬੇਸ਼ੱਕ ਵਿਰੋਧੀ ਧਿਰਾਂ ਸੱਤਾਧਿਰ ਨੂੰ ਵਿਕਾਸ, ਅਮਨ-ਕਾਨੂੰਨ ਦੀ ਹਾਲਤ, ਭ੍ਰਿਸ਼ਟਾਚਾਰ ਤੇ ਗੈਂਗਸਟਰਵਾਦ ਦੇ ਮੁੱਦਿਆਂ ਉਪਰ ਘੇਰਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਗੱਲ ਮੁੜ-ਮੁੜ ਪੰਥਕ ਮੁੱਦਿਆਂ ਉਪਰ ਹੀ ਆ ਕੇ ਖੜ੍ਹਦੀ ਹੈ। ਅਕਾਲੀ ਧੜਿਆਂ ਅੰਦਰ ਬਹਿਸ ਚੱਲ ਰਹੀ ਹੈ ਕਿ ਅਸਲ ਪੰਥਕ ਧਿਰ ਕਿਹੜੀ ਹੈ।
ਉਧਰ, ਆਮ ਆਦਮੀ ਪਾਰਟੀ ਨੇ ਵੀ ਆਪਣੀ ਰਣਨੀਤੀ ਬਦਲੀ ਹੈ। ਪਾਰਟੀ ਵੱਲੋਂ ਆਪਣੇ ਕਾਰਜਕਾਲ ਦੇ ਕੰਮਾਂ ਨੂੰ ਉਭਾਰਣ ਦੇ ਨਾਲ-ਨਾਲ ਪੰਥਕ ਮੁੱਦਿਆਂ ਉਪਰ ਵੀ ਚਰਚਾ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਦੌਰਾਨ ਗੁਰੂ ਤੇਗ਼ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੀ ਉਚੇਚੀ ਚਰਚਾ ਕੀਤੀ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਨ੍ਹਾਂ ਸਮਾਗਮਾਂ ਲਈ ਸੱਦਾ ਪੱਤਰ ਦੇ ਰਹੇ ਹਨ। ਇਨ੍ਹਾਂ ਸ਼ਹੀਦੀ ਸਮਾਗਮਾਂ ਬਾਰੇ ਪ੍ਰਚਾਰ ਦਾ ਅਸਰ ‘ਆਪ’ ਉਪ ਚੋਣ ’ਚ ਦੇਖਣਾ ਚਾਹੁੰਦੀ ਹੈ।
ਇਸੇ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ। ਸੰਧੂ ਸ਼੍ਰੋਮਣੀ ਅਕਾਲੀ ਦਲ ਚੋਂ ‘ਆਪ’ ’ਚ ਆਏ ਹਨ। ਹਰਮੀਤ ਸਿੰਘ ਸੰਧੂ ਨੇ ਆਪਣਾ ਸਿਆਸੀ ਜੀਵਨ ਸਾਲ 2002 ਤੋਂ ਆਜ਼ਾਦ ਤੌਰ ’ਤੇ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ। ਸੰਧੂ ਨੇ ਸਾਲ 2007 ਤੇ 2012 ਦੀ ਚੋਣ ਵੀ ਬਤੌਰ ਅਕਾਲੀ ਉਮੀਦਵਾਰ ਜਿੱਤੀ ਸੀ। ਸਾਲ 2022 ਦੀ ਚੋਣ ’ਚ ਉਹ ‘ਆਪ’ ਉਮੀਦਵਾਰ ਤੋਂ ਹਾਰ ਗਏ ਸਨ।
ਤਰਨ ਤਾਰਨ ਹਲਕੇ ਦੇ ਹਾਲਾਤ
ਦੱਸ ਦਈਏ ਕਿ ਤਰਨ ਤਾਰਨ ਹਲਕਾ ਜ਼ਿਆਦਾ ਪੇਂਡੂ ਪ੍ਰਭਾਵ ਵਾਲਾ ਹੈ। ਹਲਕੇ ’ਚ ਕੁੱਲ 1.93 ਲੱਖ ਵੋਟਰ ਹਨ, ਜਿਨ੍ਹਾਂ ’ਚੋਂ 1.01 ਲੱਖ ਪੁਰਸ਼ ਵੋਟਰ ਤੇ 92,240 ਔਰਤ ਵੋਟਰ ਹਨ। ਹਲਕੇ ’ਚ ਕੁੱਲ 222 ਪੋਲਿੰਗ ਬੂਥ ਹਨ, ਜਿਨ੍ਹਾਂ ’ਚੋਂ 60 ਸ਼ਹਿਰੀ ਬੂਥ ਤੇ 122 ਦਿਹਾਤੀ ਬੂਥ ਹਨ। ਤਰਨ ਤਾਰਨ ਹਲਕੇ ਵਿੱਚ 96 ਪਿੰਡ ਪੈਂਦੇ ਹਨ, ਜਿਨ੍ਹਾਂ ਦੀ ਵੋਟ ਫ਼ੈਸਲਾਕੁਨ ਸਾਬਤ ਹੋਵੇਗੀ। ਤਰਨ ਤਾਰਨ ਹਲਕਾ ਪੰਥਕ ਸੋਚ ਵਾਲਾ ਮੰਨਿਆ ਜਾਂਦਾ ਹੈ।





















