ਬਠਿੰਡਾ ਵਿੱਚ ਭਿਆਨਕ ਹਾਦਸਾ, 40 ਬੱਕਰੀਆਂ ਸਮੇਤ ਵਿਆਹ ਦਾ ਦਾਜ ਅਤੇ ਘਰ ਦਾ ਸਾਮਾਨ ਸੜ ਕੇ ਸੁਆਹ
ਪੀੜਤ ਪਰਿਵਾਰਕ ਮੈਂਬਰ ਬੇਗੀ ਰਾਣੀ ਨੇ ਦੱਸਿਆ ਕਿ ਕਰੀਬ ਚਾਰ ਲੱਖ ਰੁਪਏ ਦੀਆਂ ਬੱਕਰੀਆਂ, ਸੋਨੇ ਚਾਂਦੀ ਦੇ ਗਹਿਣੇ, ਢਾਈ ਲੱਖ ਰੁਪਏ ਨਗਦੀ ਜੋ ਵਿਆਜ਼ 'ਤੇ ਲੈ ਕੇ ਘਰੇ ਰੱਖੇ ਸੀ ਇਹ ਸਭ ਸੜ ਕੇ ਸਵਾਹ ਹੋ ਗਿਆ ਹੈ।
ਬਠਿੰਡਾ: ਸਥਾਨਕ ਸ਼ਹਿਰ ਦੀਆਂ ਝੀਲਾਂ ਦੇ ਨਜ਼ਦੀਕ ਸਥਿਤ ਗੁਰੂ ਨਾਨਕ ਪੁਰਾ ਵਿੱਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰਿਆ। ਜਿਸ ਵਿਚ ਅੱਗ ਲੱਗਣ ਕਰਕੇ ਗ਼ਰੀਬ ਪਰਿਵਾਰ ਦਾ ਆਸ਼ੀਆਨਾ ਸੜ ਕੇ ਸਵਾਹ ਹੋ ਗਿਆ। ਇੱਥੋਂ ਤੱਕ ਕੇ ਪਰਿਵਾਰ ਦੀਆਂ 40 ਬੱਕਰੀਆਂ ਦੀ ਵੀ ਸੜਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਰਿਵਾਰ ਦੀਆਂ ਦੋ ਲੜਕੀਆਂ ਦੇ ਵਿਆਹ ਲਈ ਇਕੱਤਰ ਕੀਤਾ ਦਾਜ ਦਾ ਸਾਮਾਨ ਸੋਨੇ ਦੇ ਗਹਿਣੇ ਅਤੇ ਵਿਆਜ 'ਤੇ ਲਏ ਢਾਈ ਲੱਖ ਰੁਪਏ ਵੀ ਸੜ ਕੇ ਸਵਾਹ ਹੋ ਗਏ।
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰ ਅੱਗ ਇੰਨੀ ਭਿਆਨਕ ਸੀ ਕਿ ਮੌਕੇ 'ਤੇ ਫਾਇਰ ਬਿਗ੍ਰੇਡ ਦੀਆਂ ਤਿੰਨ ਗੱਡੀਆਂ ਨੇ ਬਾਮੁਸ਼ਕਲ ਅੱਗ 'ਤੇ ਕਾਬੂ ਪਾਇਆ। ਪਰ ਇਸ ਤੋਂ ਪਹਿਲਾਂ ਗ਼ਰੀਬ ਪਰਿਵਾਰ ਦਾ ਸਾਰਾ ਆਸ਼ੀਆਨਾ ਅਤੇ ਲੜਕੀਆਂ ਦੇ ਸੁਪਨੇ ਸੜ ਕੇ ਸਵਾਹ ਹੋ ਗਏ। ਇਸ ਘਟਨਾ ਕਰਕੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਅਤੇ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਸ ਗ਼ਰੀਬ ਪਰਿਵਾਰ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਨਾਲ ਹੀ ਲੋਕਾਂ ਨੇ ਲੜਕੀਆਂ ਦੇ ਵਿਆਹ ਸਹੀ ਸਮੇਂ ਨੇਪਰੇ ਚੜ੍ਹਨ ਲਈ ਵੀ ਆਰਥਕ ਮਦਦ ਦੀ ਮੰਗ ਕੀਤੀ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਅਚਾਨਕ ਫੋਨ ਆਇਆ ਕਿ ਗੁਰੂ ਨਾਨਕਪੁਰਾ ਵਿਚ ਸਥਿਤ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ ਹੈ ਤਾਂ ਮੌਕੇ 'ਤੇ ਸੰਸਥਾ ਦੇ ਮੈਂਬਰ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਪਰ ਅੱਗ ਇੰਨੀ ਭਿਆਨਕ ਲੱਗੀ ਕਿ 40 ਬੱਕਰੀਆਂ ਦੀ ਸੜਕੇ ਮੌਤ ਹੋ ਗਈ। ਨਾਲ ਹੀ ਘਰ ਵਿਚ ਪਿਆ ਸਾਰਾ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ।
ਉਨ੍ਹਾਂ ਦੱਸਿਆ ਕਿ ਇਹ ਗਰੀਬ ਪਰਿਵਾਰ ਮੱਝਾਂ ਗਾਵਾਂ ਅਤੇ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਹੈ। ਨਾਲ ਹੀ ਪਰਿਵਾਰ 'ਚ ਦੋ ਲੜਕੀਆਂ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ। ਇਹ ਪਰਿਵਾਰ ਬੀਤੀ ਰਾਤ ਨਜ਼ਦੀਕ ਹੀ ਝੁੱਗੀਆਂ ਵਿੱਚ ਗਿਆ ਸੀ। ਪਰ ਸਵੇਰੇ ਅਚਾਨਕ ਅੱਗ ਲੱਗ ਗਈ। ਪੀੜਤ ਪਰਿਵਾਰ ਦਾ ਸ਼ੱਕ ਹੈ ਕਿ ਇਹ ਅੱਗ ਜਾਣਬੁੱਝ ਕੇ ਲਗੀਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Bhatinda Corona Cases: ਬਠਿੰਡਾ 'ਚ ਵਧ ਰਹੇ ਕੋਰੋਨਾ ਦੇ ਕੇਸ, ਸਿਹਤ ਵਿਭਾਗ ਵੱਲੋਂ ਮੋਬਾਇਲ ਵੈਕਸੀਨ ਮੁਹਿੰਮ ਦੀ ਸ਼ੁਰੂਆਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904