Punjab Weather Update: ਫਰਵਰੀ 'ਚ ਹੀ ਅਪਰੈਲ ਵਾਲਾ ਅਹਿਸਾਸ! 17 ਸਾਲਾਂ ਬਾਅਦ ਚੜ੍ਹਿਆ ਇੰਨਾ ਪਾਰਾ
ਪੰਜਾਬ ਤੇ ਹਰਿਆਣਾ ਵਿੱਚ ਅੱਜ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਵਧ ਰਿਹਾ। ਸ਼ਿਮਲਾ ਵਿੱਚ ਫਰਵਰੀ ਦਾ ਦਿਨ 17 ਸਾਲਾਂ ਵਿੱਚ ਸਭ ਤੋਂ ਗਰਮ ਰਿਹਾ। ਸ਼ਿਮਲਾ 'ਚ ਸ਼ਨਿਚਰਵਾਰ ਨੂੰ ਤਾਪਮਾਨ 23.2 ਡਿਗਰੀ ਸੈਲਸੀਅਸ ਸੀ ਤੇ ਇਹ 17 ਸਾਲਾਂ 'ਚ ਫਰਵਰੀ ਦਾ ਸਭ ਤੋਂ ਗਰਮ ਦਿਨ ਸੀ।
Punjab Weather Update: ਅੱਧ ਫਰਵਰੀ ਵਿੱਚ ਹੀ ਪਾਰਾ ਅਸਮਾਨੀ ਚੜ੍ਹਣ ਲੱਗਾ ਹੈ। ਫਰਵਰੀ ਵਿੱਚ ਹੀ ਤਾਪਮਾਨ ਨੇ ਪਿਛਲੇ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨੀਂ ਮੌਸਮ ਸਾਫ ਰਹਿਣ ਦੇ ਆਸਾਰ ਹਨ। ਇਸ ਲਈ ਤਾਮਪਾਨ ਹੋਰ ਵਧ ਸਕਦਾ ਹੈ। ਇਸ ਨਾਲ ਬੇਸ਼ੱਕ ਠੰਢ ਤੋਂ ਰਾਹਤ ਮਿਲੀ ਹੈ ਪਰ ਕਣਕ ਦੀ ਫਸਲ ਲਈ ਵਧਿਆ ਤਾਪਮਾਨ ਘਾਤਕ ਹੋ ਸਕਦਾ ਹੈ।
ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਹਰਿਆਣਾ ਵਿੱਚ ਅੱਜ ਘੱਟੋ-ਘੱਟ ਤਾਪਮਾਨ ਆਮ ਨਾਲੋਂ ਕਈ ਡਿਗਰੀ ਵਧ ਰਿਹਾ। ਸ਼ਿਮਲਾ ਵਿੱਚ ਫਰਵਰੀ ਦਾ ਦਿਨ 17 ਸਾਲਾਂ ਵਿੱਚ ਸਭ ਤੋਂ ਗਰਮ ਰਿਹਾ। ਇੱਥੇ ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 9 ਡਿਗਰੀ ਵੱਧ ਹੈ, ਜਦੋਂਕਿ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਛੇ ਡਿਗਰੀ ਵੱਧ ਹੈ।
ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ, ਜਦਕਿ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 15.4 ਡਿਗਰੀ ਸੈਲਸੀਅਸ ਰਿਹਾ। ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਡਿਗਰੀ ਵੱਧ ਹੈ, ਜਦੋਂ ਕਿ ਫਰੀਦਕੋਟ ਤੇ ਗੁਰਦਾਸਪੁਰ ਵਿੱਚ ਘੱਟੋ-ਘੱਟ ਤਾਪਮਾਨ 14.6 ਤੇ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਚੰਡੀਗੜ੍ਹ ਦਾ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ। ਹਰਿਆਣਾ ਵਿੱਚ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 15.2 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ ਜਦੋਂਕਿ ਹਿਸਾਰ ਵਿੱਚ ਘੱਟੋ-ਘੱਟ ਤਾਪਮਾਨ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ।
ਕਰਨਾਲ ਦਾ ਘੱਟੋ-ਘੱਟ ਤਾਪਮਾਨ 11.2 ਡਿਗਰੀ ਸੈਲਸੀਅਸ ਰਿਹਾ ਜਦੋਂਕਿ ਨਾਰਨੌਲ ਦਾ ਘੱਟੋ-ਘੱਟ ਤਾਪਮਾਨ 12.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਰੋਹਤਕ, ਭਿਵਾਨੀ ਤੇ ਸਿਰਸਾ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 15.4, 13.7 ਤੇ 14.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸ਼ਿਮਲਾ 'ਚ ਸ਼ਨਿਚਰਵਾਰ ਨੂੰ ਤਾਪਮਾਨ 23.2 ਡਿਗਰੀ ਸੈਲਸੀਅਸ ਸੀ ਤੇ ਇਹ 17 ਸਾਲਾਂ 'ਚ ਫਰਵਰੀ ਦਾ ਸਭ ਤੋਂ ਗਰਮ ਦਿਨ ਸੀ। ਸ਼ਿਮਲਾ ਦਾ ਪਿਛਲਾ ਵੱਧ ਤਾਪਮਾਨ 19 ਫਰਵਰੀ 2006 ਨੂੰ 22.6 ਡਿਗਰੀ ਸੀ। ਇਥੇ ਸ਼ਨਿਚਰਵਾਰ ਨੂੰ ਤਾਪਮਾਨ 23.2 ਡਿਗਰੀ ਸੀ ਤੇ ਇਹ ਔਸਤ ਨਾਲੋਂ 11.4 ਡਿਗਰੀ ਵੱਧ ਹੈ।