Ludhiana News: ਵਿਦੇਸ਼ ਜਾਣ ਤੋਂ ਪਹਿਲਾਂ ਦੋਸਤਾਂ ਨਾਲ ਪਾਰਟੀ ਕਰਕੇ ਪਰਤ ਰਿਹਾ ਨੌਜਵਾਨ ਹੋਇਆ ਹਾਦਸੇ ਦਾ ਸ਼ਿਕਾਰ, ਦੋ ਭੈਣਾਂ ਦਾ ਸੀ ਇਕਲੌਤਾ ਭਰਾ
ਇਸ ਦੇ ਨਾਲ ਹੀ ਬਾਈਕ ਨੂੰ ਟੱਕਰ ਮਾਰਨ ਮਗਰੋਂ ਪਿਕਅੱਪ ਵੀ ਪਲਟ ਗਈ ਤੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ। ਪਿਕਅੱਪ 'ਚ ਸ਼ਰਾਬ ਦੀ ਬੋਤਲ ਮਿਲੀ, ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਇਹ ਹਾਦਸਾ ਵਾਪਰਿਆ।
Ludhiana News: ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਮੰਗਲਵਾਰ ਦੇਰ ਰਾਤ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਗੱਡੀ ਨੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬਾਈਕ ਸਵਾਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬਾਈਕ ਨੂੰ ਟੱਕਰ ਮਾਰਨ ਮਗਰੋਂ ਪਿਕਅੱਪ ਵੀ ਪਲਟ ਗਈ ਤੇ ਡਰਾਈਵਰ ਨੂੰ ਵੀ ਸੱਟਾਂ ਲੱਗੀਆਂ। ਪਿਕਅੱਪ 'ਚ ਸ਼ਰਾਬ ਦੀ ਬੋਤਲ ਮਿਲੀ, ਜਿਸ ਕਾਰਨ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਤੇ ਇਸੇ ਕਾਰਨ ਇਹ ਹਾਦਸਾ ਵਾਪਰਿਆ।
ਦੂਜੇ ਪਾਸੇ ਹਾਦਸੇ ਵਿੱਚ ਮਰਨ ਵਾਲਾ ਸਾਹਿਲ (24) ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸਾਹਿਲ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਉਹ ਸੈਮਸੰਗ ਕੰਪਨੀ 'ਚ ਬਤੌਰ ਪ੍ਰਮੋਟਰ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਮੰਗਲਵਾਰ ਰਾਤ ਨੂੰ ਦੋਸਤਾਂ ਨਾਲ ਪਾਰਟੀ 'ਤੇ ਗਿਆ ਸੀ। ਉਹ ਦੇਰ ਰਾਤ ਖੰਨਾ ਤੋਂ ਮੋਟਰ ਸਾਈਕਲ ਲੈ ਕੇ ਘਰ ਜਾ ਰਿਹਾ ਸੀ। ਰਸਤੇ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਸਲ ਜਾਣਕਾਰੀ ਮੁਤਾਬਕ ਸਾਹਿਲ ਆਪਣੇ ਮੋਟਰ ਸਾਈਕਲ 'ਤੇ ਘਰ ਜਾ ਰਿਹਾ ਸੀ। ਉਸ ਦੇ ਪਿੱਛੇ ਨੌਜਵਾਨ ਗਗਨਦੀਪ ਵੀ ਬਾਈਕ 'ਤੇ ਸਵਾਰ ਸੀ। ਉਸ ਨੇ ਦੇਖਿਆ ਕਿ ਤੇਜ਼ ਰਫਤਾਰ ਮਹਿੰਦਰਾ ਪਿਕਅੱਪ ਨੇ ਗਲਤ ਸਾਈਡ ਤੋਂ ਆ ਕੇ ਸਾਹਿਲ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ। ਰਫਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਨੇ ਪਿਕਅੱਪ 'ਤੇ ਕੰਟਰੋਲ ਗੁਆ ਦਿੱਤਾ ਤੇ ਇਹ ਬਾਈਕ ਨਾਲ ਟਕਰਾ ਕੇ ਪਲਟ ਗਈ।
ਪਿਕਅੱਪ ਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸਾ ਖੰਨਾ-ਮਲੇਰਕੋਟਲਾ ਰੋਡ 'ਤੇ ਚੀਮਾ ਚੌਕ ਨੇੜੇ ਵਾਪਰਿਆ। ਗਗਨਦੀਪ ਨੇ ਬਾਈਕ ਸਵਾਰ ਸਾਹਿਲ ਨੂੰ ਸੰਭਾਲਿਆ। ਅੱਧੀ ਰਾਤ ਦਾ ਸਮਾਂ ਹੋਣ ਕਾਰਨ ਸੜਕ 'ਤੇ ਆਵਾਜਾਈ ਘੱਟ ਸੀ। ਗਗਨਦੀਪ ਨੇ ਤੁਰੰਤ ਪੁਲਿਸ ਤੇ ਐਂਬੂਲੈਂਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਾਈਕ ਨੂੰ ਕਬਜ਼ੇ 'ਚ ਲੈ ਲਿਆ ਤੇ ਸਾਹਿਲ ਨੂੰ ਐਂਬੂਲੈਂਸ 'ਚ ਸਿਵਲ ਹਸਪਤਾਲ ਪਹੁੰਚਾਇਆ।
ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਸਾਹਿਲ ਦੀ ਹਾਲਤ ਕਾਫੀ ਨਾਜ਼ੁਕ ਸੀ। ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਖੂਨ ਵਹਿਣਾ ਬੰਦ ਹੋ ਗਿਆ ਤੇ ਫਿਰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।