Punjab News: ਪੁਲਿਸ ਦਾ ਨਹੀਂ ਕੋਈ ਖ਼ੌਫ ? ਚਿੱਟੇ ਦਿਨ ਘਰ ਦੀ ਕੰਧ ਟੱਪ ਗਹਿਣੇ ਤੇ ਨਗਦੀ ਲੈ ਚੋਰ ਫ਼ਰਾਰ
Punjab Police: ਘਰ ਦੇ ਮਾਲਕ ਮੰਗਤ ਰਾਮ ਨੇ ਦੱਸਿਆ ਕੀ ਬੀਤੇ ਕੱਲ੍ਹ ਤੋਂ ਉਹ ਰਿਸ਼ਤੇਦਾਰੀ 'ਚ ਵਿਆਹ ਸਮਾਗਮ 'ਤੇ ਗਏ ਹੋਏ ਸਨ ਤੇ ਜਦੋਂ ਘਰ ਵਾਪਿਸ ਆਏ ਤਾਂ ਦੇਖਿਆ ਕਿ ਜਿੰਦੇ ਟੁੱਟੇ ਹੋਏ ਸਨ ਤੇ ਅਲਮਾਰੀਆਂ ਵੀ ਭੰਨੀਆਂ ਹੋਈਆਂ ਸਨ।
Punjab News: ਹੁਸ਼ਿਆਰਪੁਰ 'ਚ ਚੋਰਾਂ ਦੇ ਹੌਂਸਲੇ ਇੰਨੇ ਕੁ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕੀ ਹੁਣ ਚੋਰਾਂ ਵੱਲੋਂ ਚਿੱਟੇ ਦਿਨ ਹੀ ਲੋਕਾਂ ਦੇ ਘਰਾਂ ਦੀਆਂ ਕੰਧਾਂ ਟੱਪ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਅਧੀਨ ਆਉਂਦੇ ਮੁਹੱਲਾ ਦਸਮੇਸ਼ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੇ ਕੱਲ੍ਹ ਸਿਖਰ ਦੁਪਹਿਰ ਹੀ ਇੱਕ ਚੋਰ ਵੱਲੋਂ ਘਰ ਦੀ ਕੰਧ ਟੱਪ ਕੇ ਘਰ 'ਚ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਵੀ ਹੋ ਗਿਆ। ਪਰਿਵਾਰ ਮੁਤਾਬਕ, 10 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਜਿਸ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿੱਚ ਚੋਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫ਼ਰਾਰ ਹੁੰਦਾ ਨਜ਼ਰ ਆ ਰਿਹਾ ਹੈ।
ਇਸ ਬਾਬਤ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮੰਗਤ ਰਾਮ ਨੇ ਦੱਸਿਆ ਕੀ ਬੀਤੇ ਕੱਲ੍ਹ ਤੋਂ ਉਹ ਰਿਸ਼ਤੇਦਾਰੀ 'ਚ ਵਿਆਹ ਸਮਾਗਮ 'ਤੇ ਗਏ ਹੋਏ ਸਨ ਤੇ ਜਦੋਂ ਘਰ ਵਾਪਿਸ ਆਏ ਤਾਂ ਦੇਖਿਆ ਕਿ ਜਿੰਦੇ ਟੁੱਟੇ ਹੋਏ ਸਨ ਤੇ ਅਲਮਾਰੀਆਂ ਵੀ ਭੰਨੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਚੋਰ ਘਰ ਚੋਂ 10 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਤੇ ਵਿਦੇਸ਼ੀ ਕਰੰਸੀ ਲੈ ਗਿਆ ਜਿਸ ਨਾਲ ਉਨ੍ਹਾਂ ਦਾ 10 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕੀ ਚੋਰ ਵੱਲੋਂ ਸਿਖਰ ਦੁਪਹਿਰ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ ਤੋਂ ਬਾਅਦ ਪੁਲਿਸ ਵੀ ਮੌਕਾ ਦੇਖਣ ਪਹੁੰਚੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮੌਕੇ ਉੱਤੇ ਪਹੁੰਚੇ ਵਾਰਡ ਦੇ ਐਮਸੀ ਪਵਿੱਤਰਦੀਪ ਲੁਬਾਣਾ ਨੇ ਕਿਹਾ ਕੀ ਇਸ ਵਾਰਡ 'ਚ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਇਲਾਕੇ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਵਾਰਦਾਤਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਵਾਰਦਾਤ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਛੇਤੀ ਹੋ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।