ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਚੋਂ ਤਿੰਨ ਕੋਰੋਨਾ ਪੌਜ਼ੇਟਿਵ
ਵਿਸਾਖੀ ਮੌਕੇ 437 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਹੈ। ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਸਿੱਖ ਧਾਰਮਿਕ ਅਸਥਾਨਾਂ (ਗੁਰਧਾਮਾਂ) ਵਿਖੇ 12 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਵਿਸਾਖੀ ਦੇ ਸਮਾਰੋਹ ਚੱਲਣਗੇ।ਪਰ ਇਸ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਸੀ।
ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਵਿਸਾਖੀ ਮੌਕੇ 437 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਹੈ। ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਸਿੱਖ ਧਾਰਮਿਕ ਅਸਥਾਨਾਂ (ਗੁਰਧਾਮਾਂ) ਵਿਖੇ 12 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਵਿਸਾਖੀ ਦੇ ਸਮਾਰੋਹ ਚੱਲਣਗੇ।ਪਰ ਇਸ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਸੀ।
ਕੋਰੋਨਾ ਟੈਸਟ ਦੌਰਾਨ ਅੱਜ 46 ਸ਼ਰਧਾਲੂਆਂ ਦੀ ਰਿਪੋਰਟ ਜਾਰੀ ਕੀਤੀ ਗਈ।ਜਿਸ 3 ਸ਼ਰਧਾਲੂ ਕੋਰੋਨਾ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਪਿਛਲੇ ਦੋ ਦਿਨਾਂ 'ਚ ਕੁੱਲ 234 ਸੈਂਪਲ ਲਏ ਗਏ ਸੀ।ਜਿਸ ਤਹਿਤ ਕੱਲ੍ਹ 99 ਸੈਂਪਲ ਲਏ ਗਏ।ਅੱਜ 135 ਸ਼ਰਧਾਲੂਆਂ ਦੇ ਸੈਂਪਲ ਲਏ ਗਏ ਸੀ ਇਸ ਤੋਂ ਇਲਾਵਾ 10 ਸ਼ਰਧਾਲੂਆਂ ਦੇ ਗੁਰੂ ਰਾਮਦਾਸ ਮੈਡੀਕਲ ਕਾਲਜ 'ਚ ਸੈਂਪਲ ਲਏ ਗਏ ਅਤੇ ਬਾਕੀ ਸ਼ਰਧਾਲੂ ਆਪਣੇ ਨਿਵਾਸ ਸ਼ਹਿਰਾਂ 'ਚੋਂ ਕੋਵਿਡ ਦੇ ਟੈਸਟ ਕਰਵਾ ਰਹੇ ਹਨ।
ਸਾਰੇ ਸ਼ਰਧਾਲੂਆਂ ਦੀ ਫਾਈਨਲ ਰਿਪੋਰਟ 11 ਅਪ੍ਰੈਲ ਦੇਰ ਸ਼ਾਮ ਤੱਕ ਆ ਜਾਵੇਗੀ ਤੇ ਨੈਗੇਟਿਵ ਆਉਣ ਵਾਲੇ ਸ਼ਰਧਾਲੂਆਂ ਨੂੰ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲੇਗੀ।ਇਸ ਵਾਰ ਸ਼੍ਰੋਮਣੀ ਕਮੇਟੀ ਨੇ 793 ਸ਼ਰਧਾਲੂਆਂ ਦੇ ਵੀਜ਼ੇ ਲਈ ਅਪਲਾਈ ਕੀਤਾ ਸੀ।ਪਰ ਪਾਕਿ ਹਾਈ ਕਮਿਸ਼ਨ ਨੇ ਸਿਰਫ 437 ਸ਼ਰਧਾਲੂਆਂ ਨੂੰ ਹੀ ਵੀਜੇ ਜਾਰੀ ਕੀਤੇ ਹਨ।
ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਸਾਖੀ ਦੇ ਤਿਉਹਾਰ ਮੌਕੇ ਸਿੱਖ ਸ਼ਰਧਾਲੂਆਂ ਨੂੰ ਸਦਭਾਵਨਾ ਦੇ ਤੌਰ ’ਤੇ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ। ਖ਼ਬਰ ਏਜੰਸੀ ‘ਪੀਟੀਆਈ’ ਦੀ ਰਿਪੋਰਟ ਮੁਤਾਬਕ ਧਾਰਮਿਕ ਅਸਥਾਨਾਂ ਦੀ ਯਾਤਰਾ ਬਾਰੇ ਭਾਰਤ-ਪਾਕਿਸਤਾਨ ਵਿਚਾਲੇ ਸਾਲ 1974 ’ਚ ਤੈਅ ਹੋਏ ਪ੍ਰੋਟੋਕੋਲ ਦੇ ਆਧਾਰ ਉੱਤੇ ਇਹ ਪ੍ਰਵਾਨਗੀ ਦਿੱਤੀ ਗਈ ਹੈ।
ਪਾਕਿਸਤਾਨ ਵੱਲੋਂ ਅਜਿਹੀ ਪ੍ਰਵਾਨਗੀ ਹਰ ਸਾਲ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਬੀਤੀ 20 ਫ਼ਰਵਰੀ ਨੂੰ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ 100ਵੀਂ ਬਰਸੀ ਸੀ, ਉਸ ਵੇਲੇ ਪੰਜਾਬ ਸਮੇਤ ਸਮੁੱਚੇ ਭਾਰਤ ਤੋਂ 600 ਸਿੱਖ ਸ਼ਰਧਾਲੂ ਪਾਕਿਸਤਾਨ ਜਾਣ ਲਈ ਤਿਆਰ ਸਨ ਪਰ ਐਨ ਆਖ਼ਰੀ ਮੌਕੇ ਭਾਰਤ ਸਰਕਾਰ ਨੇ ਸੁਰੱਖਿਆ ਕਾਰਣਾਂ ਅਤੇ ‘ਕੋਰੋਨਾ ਵਾਇਰਸ ਕਰਕੇ’ ਉਨ੍ਹਾਂ ਨੂੰ ਉੱਥੇ ਜਾਣ ਤੋਂ ਵਰਜ ਦਿੱਤਾ ਸੀ।
ਉਸ ਕਾਰਨ ਸਮੂਹ ਸਿੱਖ ਸੰਗਤਾਂ ਵਿੱਚ ਕਾਫ਼ੀ ਰੋਹ ਤੇ ਰੋਸ ਪਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਤਦ ਭਾਰਤ ਸਰਕਾਰ ਨੂੰ ਇਸ ਸਬੰਧੀ ਕਈ ਵਾਰ ਅਪੀਲਾਂ ਵੀ ਕੀਤੀਆਂ ਸਨ ਪਰ ਕੋਈ ਫ਼ਾਇਦਾ ਨਹੀਂ ਹੋਇਆ ਸੀ। ਸਿੱਖ ਆਗੂਆਂ ਨੇ ਤਦ ਦਲੀਲ ਦਿੱਤੀ ਸੀ ਕਿ ਜਦੋਂ ਸਾਲ 2008 ਦੇ 26/11 ਵਾਲੇ ਹਮਲੇ ਤੇ ਸਾਲ 14 ਫ਼ਰਵਰੀ, 2019 ਦੇ ਪੁਲਵਾਮਾ ਹਮਲੇ ਵੇਲੇ ਵੱਡੇ ਸੁਰੱਖਿਆ ਖ਼ਤਰੇ ਸਨ, ਤਦ ਵੀ ਸਿੱਖ ਸ਼ਰਧਾਲੂਆਂ ਨੂੰ ਕਦੇ ਪਾਕਿਸਤਾਨ ਜਾਣ ਤੋਂ ਵਰਜਿਆ ਨਹੀਂ ਗਿਆ ਸੀ।