ਟਰਾਂਸਪੋਰਟ ਮੰਤਰੀ ਵੱਲੋਂ ਬਠਿੰਡਾ ਆਰ.ਟੀ.ਏ. ਦਫ਼ਤਰ ਵਿਖੇ ਛਾਪੇ ਮਾਰੀ, ਸਕੱਤਰ ਆਰ.ਟੀ.ਏ. ਵਿਰੁੱਧ ਜਾਂਚ ਦੇ ਆਦੇਸ਼
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਬਠਿੰਡਾ ਦੇ ਦਫ਼ਤਰ ਵਿਖੇ ਅਚਨਚੇਤ ਛਾਪਾ ਮਾਰਿਆ।
ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਿਰੰਤਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਅੱਜ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਬਠਿੰਡਾ ਦੇ ਦਫ਼ਤਰ ਵਿਖੇ ਅਚਨਚੇਤ ਛਾਪਾ ਮਾਰਿਆ। ਰਿਕਾਰਡ ਘੋਖਣ 'ਤੇ ਆਰ.ਟੀ.ਏ. ਦਫ਼ਤਰ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਪਾਈਆਂ ਗਈਆਂ।
ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਰ.ਟੀ.ਏ. ਬਠਿੰਡਾ ਬਾਰੇ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਮਿਲ ਰਹੀਆਂ ਸਨ। ਮੰਤਰੀ ਨੇ ਦੱਸਿਆ ਕਿ ਦਫ਼ਤਰ ਵੱਲੋਂ ਤਿਆਰ ਕੀਤੇ ਬੱਸ ਟਾਈਮ ਟੇਬਲ ਵਿੱਚ ਊਣਤਾਈਆਂ ਪਾਈਆਂ ਗਈਆਂ ਹਨ, ਦਫ਼ਤਰ ਵੱਲੋਂ ਕਈ ਪਰਮਿਟ ਨਾਜਾਇਜ਼ ਤੌਰ 'ਤੇ ਜਾਰੀ ਕੀਤੇ ਗਏ, ਕਈ ਅਸਲ ਬੱਸ ਆਪ੍ਰੇਟਰਾਂ ਨੂੰ ਪਰਮਿਟ ਨਹੀਂ ਦਿੱਤੇ ਗਏ ਅਤੇ ਕਈ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਬਣਦੀ ਥਾਂ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ. ਦਫ਼ਤਰ ਵਿੱਚ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਕਬਜ਼ਾ ਕਰਨ ਸਬੰਧੀ ਖ਼ਬਰਾਂ ਵੀ ਉਦੋਂ ਸੱਚ ਸਾਬਤ ਹੋਈਆਂ, ਜਦੋਂ ਛਾਪੇ ਦੌਰਾਨ ਨਿਊ ਦੀਪ, ਆਰਬਿਟ ਅਤੇ ਹੋਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਕਾਰਿੰਦੇ ਉਥੇ ਬੈਠੇ ਪਾਏ ਗਏ।
ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਨੂੰ ਸਕੱਤਰ ਆਰ.ਟੀ.ਏ. ਬਠਿੰਡਾ ਵਿਰੁੱਧ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ।
ਟਰਾਂਸਪੋਰਟ ਮੰਤਰੀ ਭੁੱਲਰ ਨੇ ਆਰ.ਟੀ.ਏ. ਦਫ਼ਤਰ ਦੇ ਸਟਾਫ਼ ਨੂੰ ਹਦਾਇਤ ਕੀਤੀ ਕਿ ਦਫ਼ਤਰ ਵਿੱਚ ਪਾਈਆਂ ਗਈਆਂ ਊਣਤਾਈਆਂ ਨੂੰ ਤੁਰੰਤ ਦਰੁਸਤ ਕੀਤਾ ਜਾਵੇ। ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਤਾੜਨਾ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਗ਼ਲਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਿੱਚ ਅਜਿਹਾ ਕੁੱਝ ਨਹੀਂ ਚੱਲੇਗਾ ਅਤੇ ਕਿਸੇ ਵਿਅਕਤੀ ਦਾ ਹੱਕ ਨਹੀਂ ਮਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਤੌਰ 'ਤੇ ਚਲ ਰਹੀਆਂ ਬੱਸਾਂ ਦੇ ਮਾਲਕਾਂ ਨੂੰ ਹਰ ਹੀਲੇ ਨੱਥ ਪਾਈ ਜਾਵੇਗੀ ਪਰ ਕਿਸੇ ਵੀ ਅਸਲ ਆਪ੍ਰੇਟਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਵਧੀਕੀਆਂ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਭੁੱਲਰ ਨੇ ਧੱਕਾ ਕਰਨ ਵਾਲੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਯਮਾਂ ਦੇ ਉਲਟ ਜਾਣ ਵਾਲੇ ਆਪ੍ਰੇਟਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਉਪਰੰਤ ਮੰਤਰੀ ਨੇ ਬਠਿੰਡਾ ਬੱਸ ਸਟੈਂਡ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ। ਮੰਤਰੀ ਨੇ ਸਾਫ਼-ਸਫ਼ਾਈ, ਪੀਣ ਲਈ ਪਾਣੀ ਦਾ ਪ੍ਰਬੰਧ ਅਤੇ ਪਖ਼ਾਨਿਆਂ ਦੀ ਚੈਕਿੰਗ ਵੀ ਕੀਤੀ।