ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨਾ ਹੋਵੇਗਾ ਮਹਿੰਗਾ ! 10 ਪੈਸੇ ਪ੍ਰਤੀ ਕਿਲੋਮੀਟਰ ਵਾਧਾ ਕਰਨ ਦੀ ਤਿਆਰੀ
ਪੀਆਰਟੀਸੀ ਦੇ ਫਲੀਟ ਵਿੱਚ 1238 ਬੱਸਾਂ ਹਨ, ਜਿਨ੍ਹਾਂ ਨੂੰ ਰੂਟਾਂ ’ਤੇ ਚਲਾਉਣ ਲਈ ਰੋਜ਼ਾਨਾ ਡੀਜ਼ਲ ਦਾ ਖਰਚਾ ਕਰੀਬ 86 ਲੱਖ ਰੁਪਏ ਆਉਂਦਾ ਹੈ। ਪਰ ਡੀਜ਼ਲ ਦੇ ਰੇਟ ਵਧਣ ਤੋਂ ਬਾਅਦ ਹੁਣ ਇਹ ਖਰਚਾ 80,000 ਰੁਪਏ ਪ੍ਰਤੀ ਦਿਨ ਹੋ ਗਿਆ ਹੈ
Punjab News: ਹੁਣ ਪੰਜਾਬ 'ਚ ਸਰਕਾਰੀ ਬੱਸ 'ਚ ਸਫਰ ਕਰਨਾ ਹੋਵੇਗਾ ਮਹਿੰਗਾ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਬੱਸ ਕਿਰਾਏ ਵਿੱਚ 10 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਨ ਦੀ ਤਿਆਰੀ ਕਰ ਲਈ ਹੈ। ਨਿਗਮ ਵੱਲੋਂ ਇਸ ਸਬੰਧੀ ਪ੍ਰਸਤਾਵ ਜਲਦੀ ਹੀ ਪੰਜਾਬ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ। ਹਰੀ ਝੰਡੀ ਮਿਲਦੇ ਹੀ ਵਧਿਆ ਹੋਇਆ ਕਿਰਾਇਆ ਲਾਗੂ ਕਰ ਦਿੱਤਾ ਜਾਵੇਗਾ। ਇਸ ਬਾਬਤ ਪੀਆਰਟੀਸੀ ਅਧਿਕਾਰੀਆਂ ਨੇ ਦੱਸਿਆ ਕਿ ਡੀਜ਼ਲ ਦੇ ਰੇਟ ਵਧਣ ਨਾਲ ਨਿਗਮ ’ਤੇ ਵਿੱਤੀ ਬੋਝ ਵਧ ਗਿਆ ਹੈ। ਅਜਿਹੇ 'ਚ ਬੱਸ ਦਾ ਕਿਰਾਇਆ ਵਧਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਉਮੀਦ ਹੈ ਕਿ ਸਰਕਾਰ ਇਸ ਨੂੰ ਮਨਜ਼ੂਰੀ ਦੇਵੇਗੀ।
ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਡੀਜ਼ਲ ਦੇ ਰੇਟ ਵਿੱਚ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਡੀਜ਼ਲ ਦੀ ਕੀਮਤ 88.34 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਪੀਆਰਟੀਸੀ ’ਤੇ ਵਿੱਤੀ ਬੋਝ ਵਧ ਗਿਆ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਮੇਂ ਪੀਆਰਟੀਸੀ ਦੇ ਫਲੀਟ ਵਿੱਚ 1238 ਬੱਸਾਂ ਹਨ, ਜਿਨ੍ਹਾਂ ਨੂੰ ਰੂਟਾਂ ’ਤੇ ਚਲਾਉਣ ਲਈ ਰੋਜ਼ਾਨਾ ਡੀਜ਼ਲ ਦਾ ਖਰਚਾ ਕਰੀਬ 86 ਲੱਖ ਰੁਪਏ ਆਉਂਦਾ ਹੈ। ਪਰ ਡੀਜ਼ਲ ਦੇ ਰੇਟ ਵਧਣ ਤੋਂ ਬਾਅਦ ਹੁਣ ਇਹ ਖਰਚਾ 80,000 ਰੁਪਏ ਪ੍ਰਤੀ ਦਿਨ ਹੋ ਗਿਆ ਹੈ, ਜੋ ਕਿ 24 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗਾ। ਅਜਿਹੇ 'ਚ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਹੇ ਨਿਗਮ ਲਈ 24 ਲੱਖ ਦੇ ਇਸ ਵਧੇ ਹੋਏ ਡੀਜ਼ਲ ਦਾ ਖਰਚਾ ਚੁੱਕਣਾ ਮੁਸ਼ਕਲ ਹੋ ਜਾਵੇਗਾ।
ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2020 ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਕਾਰੀ ਬੱਸਾਂ ਦੇ ਕਿਰਾਏ ਵਿੱਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਸੀ। ਉਸ ਸਮੇਂ ਡੀਜ਼ਲ ਦਾ ਰੇਟ 70 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਹੁਣ ਡੀਜ਼ਲ ਦਾ ਰੇਟ 90 ਰੁਪਏ ਨੂੰ ਛੂਹ ਰਿਹਾ ਹੈ। ਫਿਲਹਾਲ ਬੱਸ ਦਾ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਹੈ। ਪੀਆਰਟੀਸੀ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਇਆ 10 ਪੈਸੇ ਪ੍ਰਤੀ ਕਿਲੋਮੀਟਰ ਵਧਾ ਕੇ 1.32 ਰੁਪਏ ਕਰਨ ਦੀ ਮੰਗ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।