Gangwar in Punjab: ਮਾਝੇ 'ਚ ਛਿੜੀ ਗੈਂਗਵਾਰ! ਭਿੜ ਗਏ ਭਗਵਾਨਪੁਰੀਆ ਤੇ ਘਣਸ਼ਿਆਮਪੁਰੀਆ ਗੈਂਗ
Gangwar in Punjab: ਪੰਜਾਬ ਦਾ ਮਾਝਾ ਖੇਤਰ ਮੁੜ ਉਬਾਲ ਮਾਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਮਾਝੇ ਵਿੱਚ ਗੈਂਗ ਵਾਰ ਤੇਜ਼ ਹੋ ਗਈ ਹੈ। ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਹਾਲਾਤ ਤਣਾਅਪੂਰਨ ਹੋ ਗਏ ਹਨ।

Gangwar in Punjab: ਪੰਜਾਬ ਦਾ ਮਾਝਾ ਖੇਤਰ ਮੁੜ ਉਬਾਲ ਮਾਰ ਰਿਹਾ ਹੈ। ਪਿਛਲੇ ਸਮੇਂ ਦੌਰਾਨ ਮਾਝੇ ਵਿੱਚ ਗੈਂਗ ਵਾਰ ਤੇਜ਼ ਹੋ ਗਈ ਹੈ। ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ ਤੇ ਤਰਨ ਤਾਰਨ ਜ਼ਿਲ੍ਹਿਆਂ ਵਿੱਚ ਹਾਲਾਤ ਤਣਾਅਪੂਰਨ ਹੋ ਗਏ ਹਨ।
ਹਾਲ ਹੀ ਵਿੱਚ ਤਰਨ ਤਾਰਨ ਵਿੱਚ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਜਿਨ੍ਹਾਂ ਨੂੰ ਜੱਗੂ ਭਗਵਾਨਪੁਰੀਆ ਗੈਂਗ ਦੇ ਨੇੜਲੇ ਮੰਨਿਆ ਜਾ ਰਿਹਾ ਹੈ। ਅਹਿਮ ਗੱਲ ਹੈ ਕਿ ਉਨ੍ਹਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ। ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ 'ਤੇ ਸ਼ਰੇਆਮ ਧਮਕੀ ਭਰੇ ਆਡੀਓ ਤੇ ਵੀਡੀਓ ਪਾਏ ਜਾ ਰਹੇ ਹਨ। ਇਸ ਤੋਂ ਤੈਅ ਹੈ ਕਿ ਅਗਲੇ ਸਮੇਂ ਵਿੱਚ ਹਮਲੇ ਹੋਰ ਤੇਜ਼ ਹੋਣਗੇ।
ਦਰਅਸਲ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕੁਝ ਸਮਾਂ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਉਸ ਦਾ ਗੈਂਗ ਹੋਰ ਹਿੰਸਕ ਹੋ ਗਿਆ ਹੈ। ਇਸ ਦੌਰਾਨ ਵਿਰੋਧੀ ਗੈਂਗ ਵੀ ਜਵਾਬੀ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਕਰਕੇ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਗੈਂਗ ਵਾਰ ਕਰਕੇ ਲਗਾਤਾਰ ਕਤਲ ਹੋ ਰਹੇ ਹਨ। ਇਸ ਗੈਂਗਵਾਰ ਦੌਰਾਨ ਪਿਛਲੇ ਚਾਰ ਮਹੀਨਿਆਂ ਅੰਦਰ ਹੀ ਚਾਰ ਕਤਲ ਹੋ ਗਏ ਹਨ। ਸੂਤਰਾਂ ਮੁਤਾਬਕ ਘਣਸ਼ਿਆਮਪੁਰੀਆ ਗੈਂਗ ਇਸ ਸਮੇਂ ਬੰਬੀਹਾ ਗੈਂਗ ਨਾਲ ਮਿਲ ਕੇ ਸਰਗਰਮ ਹੈ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ 26 ਮਈ, 2025 ਦੀ ਸ਼ਾਮ ਨੂੰ ਬਟਾਲਾ ਦੇ ਪਿੰਡ ਘੁਮਾਣ ਤੇ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ ਦੇ ਬਾਹਰ ਇੱਕ ਸਨਸਨੀਖੇਜ਼ ਫਾਇਰਿੰਗ ਹੋਈ ਸੀ। ਇਸ ਫਾਇਰਿੰਗ ਵਿੱਚ ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ ਦੀ ਮੌਤ ਹੋ ਗਈ ਤੇ ਬਿੱਲਾ ਮੰਡਿਆਲਾ ਜ਼ਖਮੀ ਹੋ ਗਿਆ ਸੀ। ਕਤਲ ਹੋਇਆ ਗੋਰਾ ਬਰਿਆਰ ਘਣਸ਼ਿਆਮਪੁਰੀਆ ਗੈਂਗ ਦਾ ਨੇੜਲਾ ਸੀ। ਜੱਗੂ ਭਗਵਾਨਪੁਰੀਆ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਟਿਆਲਾ ਤੋਂ ਇਸ ਘਟਨਾ ਵਿੱਚ ਸ਼ਾਮਲ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਹ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਹੋਇਆ ਸੀ।
ਇਸ ਮਗਰੋਂ 28 ਜੂਨ ਦੀ ਰਾਤ ਨੂੰ ਦੋ ਬਾਈਕ ਸਵਾਰ ਹਮਲਾਵਰਾਂ ਨੇ ਬਟਾਲਾ ਦੇ ਅਰਬਨ ਅਸਟੇਟ ਖੇਤਰ ਵਿੱਚ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀ ਕਰਨਵੀਰ ਸਿੰਘ (29) ਤੇ ਜੱਗੂ ਦੀ ਮਾਂ ਹਰਜੀਤ ਕੌਰ (52) 'ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਰਾਤ ਲਗਪਗ 9:07 ਵਜੇ ਵਾਪਰੀ। ਕਰਨਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜੱਗੂ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਘਣਸ਼ਿਆਮਪੁਰੀਆ ਗੈਂਗ ਤੇ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਵਿਅਕਤੀਆਂ ਡੋਨੀ ਬਲ, ਪ੍ਰਭੂ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੇ ਸਾਥੀ ਗੋਰਾ ਬਰਿਆਰ ਦੇ ਕਤਲ ਦਾ ਬਦਲਾ ਸੀ।
ਇਸ ਮਗਰੋਂ 5 ਜੁਲਾਈ ਨੂੰ ਅਣਪਛਾਤੇ ਹਮਲਾਵਰਾਂ ਨੇ ਦੁਪਹਿਰ ਵੇਲੇ ਅੰਮ੍ਰਿਤਸਰ ਦੇ ਛੰਨਣ ਪਿੰਡ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਜੁਗਰਾਜ ਸਿੰਘ ਉਰਫ਼ ਤੋਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜੁਗਰਾਜ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਇੱਕ ਬਦਨਾਮ ਗੈਂਗਸਟਰ ਜਗਰੂਪ ਸਿੰਘ ਰੂਪਾ ਦਾ ਭਰਾ ਸੀ। ਹਮਲਾਵਰਾਂ ਨੇ ਜੁਗਰਾਜ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਗੋਪੀ ਘਣਸ਼ਿਆਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ।






















