ਪੰਜਾਬ ਦੇ ਅੱਕੇ ਨੌਜਵਾਨਾਂ ਨੇ ਕੀਤਾ ਟੋਲ ਪਲਾਜ਼ਾ 'ਤੇ ਕਬਜ਼ਾ, ਮੁਫ਼ਤ ਹੀ ਲੰਘ ਰਹੀਆਂ ਗੱਡੀਆਂ, ਸਾਰੇ ਟੋਲ ਬੰਦ ਕਰਨ ਦੀ ਚੇਤਾਵਨੀ
ਫਾਜ਼ਿਲਕਾ: 6 ਅਪ੍ਰੈਲ 2021 ਨੂੰ ਫਿਟਨੈਸ ਟੈਸਟ ਹੋਣ ਤੋਂ ਬਾਅਦ ਫੌਜ ਵਿੱਚ ਭਰਤ ਲਈ ਲਿਖਤੀ ਪ੍ਰੀਖਿਆ ਅੱਠ ਵਾਰ ਰੱਦ ਹੋ ਚੁੱਕੀ ਹੈ। ਇਸ ਕਾਰਨ ਬਹੁਤ ਸਾਰੇ ਨੌਜਵਾਨ ਉਮਰ ਹੱਦ ਟੱਪ ਜਾਣ ਕਾਰਨ ਡਿਪ੍ਰੈਸ਼ਨ ਵਿੱਚ ਹਨ।
ਫਾਜ਼ਿਲਕਾ: 6 ਅਪ੍ਰੈਲ 2021 ਨੂੰ ਫਿਟਨੈਸ ਟੈਸਟ ਹੋਣ ਤੋਂ ਬਾਅਦ ਫੌਜ ਵਿੱਚ ਭਰਤੀ ਲਈ ਲਿਖਤੀ ਪ੍ਰੀਖਿਆ ਅੱਠ ਵਾਰ ਰੱਦ ਹੋ ਚੁੱਕੀ ਹੈ। ਇਸ ਕਾਰਨ ਬਹੁਤ ਸਾਰੇ ਨੌਜਵਾਨ ਉਮਰ ਹੱਦ ਟੱਪ ਜਾਣ ਕਾਰਨ ਡਿਪ੍ਰੈਸ਼ਨ ਵਿੱਚ ਹਨ। ਲਿਖਤੀ ਪ੍ਰੀਖਿਆ 'ਚ ਹੋ ਰਹੀ ਦੇਰੀ ਦੇ ਵਿਰੋਧ 'ਚ ਫਾਜ਼ਿਲਕਾ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਐਤਵਾਰ ਨੂੰ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਥੇਹ ਕਲੰਦਰ ਟੋਲ ਪਲਾਜ਼ਾ 'ਤੇ 47 ਡਿਗਰੀ ਤਾਪਮਾਨ ਵਿਚਾਲੇ ਕਬਜ਼ਾ ਕਰ ਲਿਆ। ਟੋਲ ਪਲਾਜ਼ਾ ਕੰਪਨੀ ਦੇ ਸਟਾਫ ਨੂੰ ਵੀ ਟੋਲ ਬੂਥਾਂ ਤੋਂ ਹਟਾ ਦਿੱਤਾ ਗਿਆ। ਇਸ ਕਾਰਨ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਹਜ਼ਾਰਾਂ ਵਾਹਨ ਮੁਫ਼ਤ ਵਿੱਚ ਲੰਘਣ ਲੱਗੇ।
ਹਾਲਾਤ ਵੇਖਦਿਆਂ ਡੀਐਸਪੀ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ। ਬੇਰੁਜ਼ਗਾਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਸ਼ੁਰੂਆਤ ਫਾਜ਼ਿਲਕਾ ਤੋਂ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ। ਬੇਰੁਜ਼ਗਾਰਾਂ ਨੂੰ ਡਰ ਹੈ ਕਿ ਕਿਤੇ ਪਿਛਲੀ ਵਾਰ ਦੀ ਤਰ੍ਹਾਂ ਨੋਟੀਫਿਕੇਸ਼ਨ ਰੱਦ ਨਾ ਹੋ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਨੋਟੀਫਿਕੇਸ਼ਨ ਰੱਦ ਹੋਣ ਕਾਰਨ ਫਿਰੋਜ਼ਪੁਰ ਦੇ ਘੱਲਖੁਰਦ 'ਚ ਦੋ ਬੇਰੁਜ਼ਗਾਰਾਂ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ।
ਕੁਲਦੀਪ ਸਿੰਘ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵੀ ਮਿਲ ਚੁੱਕੇ ਹਨ। ਉਨ੍ਹਾਂ ਨੇ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ 3 ਮਹੀਨੇ ਬੀਤ ਜਾਣ 'ਤੇ ਵੀ ਕੁਝ ਨਹੀਂ ਹੋਇਆ। ਪਿਛਲੀ ਵਾਰ ਪ੍ਰੀਖਿਆ ਰੱਦ ਹੋਣ ਤੋਂ ਬਾਅਦ 2 ਬੇਰੁਜ਼ਗਾਰਾਂ ਨੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ 3 ਮੁੱਖ ਮੰਗਾਂ ਹਨ। ਫੌਜ ਲਈ ਭਰਤੀ ਪ੍ਰੀਖਿਆ ਸ਼ੁਰੂ ਕੀਤੀ ਜਾਵੇ। ਭਰਤੀ ਵਿੱਚ ਉਮਰ ਲਈ 2 ਸਾਲ ਦੀ ਛੋਟ ਮਿਲੇ ਤੇ ਲਿਖਤੀ ਪ੍ਰੀਖਿਆ ਦੀ ਡੇਟ ਤੈਅ ਕੀਤੀ ਜਾਵੇ।
ਉਧਰ, ਡੀਸੀ ਹਿਮਾਂਸ਼ੂ ਅਗਰਵਾਲ ਨੇ ਨੌਜਵਾਨਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਗ ਪੱਤਰ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਗਰਮੀਆਂ ਵਿੱਚ ਪ੍ਰਦਰਸ਼ਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੀ ਵਾਰ 2 ਨੌਜਵਾਨਾਂ ਨੇ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਤਣਾਅ 'ਚ ਆ ਕੇ ਖੁਦਕੁਸ਼ੀ ਕਰ ਲਈ ਸੀ। ਟੋਲ ਪਲਾਜ਼ਾ ਕੰਪਨੀ ਦੇ ਮੈਨੇਜਰ ਭੁਪਿੰਦਰ ਨੇ ਦੱਸਿਆ ਕਿ ਧਰਨੇ ਕਾਰਨ ਰੋਜ਼ਾਨਾ 4 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪ੍ਰਸ਼ਾਸਨ ਨੂੰ ਹੜਤਾਲ ਖਤਮ ਕਰਵਾਉਣੀ ਚਾਹੀਦੀ ਹੈ।